ਗਿੱਲ ਚੌਂਕ ਤੇ ਬੱਸ ਸਟੈਂਡ ਫਲਾਈਓਵਰ ਤੋਂ ਬਾਅਦ ਹੁਣ ਧੂਰੀ ਰੇਲਵੇ ਓਵਰਬ੍ਰਿਜ ‘ਤੇ ਵੀ ਚੂਹਿਆਂ ਦੀ ਦਹਿਸ਼ਤ


ਲੁਧਿਆਣਾ – ਚੂਹਿਆਂ ਦੀ ਦਹਿਸ਼ਤ ਤੋਂ ਮਹਾਂਨਗਰ ਦੇ ਪੁਲਾਂ ਦਾ ਪਿੱਛਾ ਨਹੀਂ ਛੁੱਟ ਰਿਹਾ। ਗਿੱਲ ਚੌਂਕ ਤੇ ਬੱਸ ਸਟੈਂਡ ਫਲਾਈਓਵਰ ਤੋਂ ਬਾਅਦ ਹੁਣ ਧੂਰੀ ਰੇਲਵੇ ਓਵਰਬ੍ਰਿਜ ‘ਤੇ ਚੂਹਿਆਂ ਦੀ ਦਹਿਸ਼ਤ ਦਾ ਸਾਇਆ ਮੰਡਰਾ ਰਿਹਾ ਹੈ, ਜਿਸ ਤਹਿਤ ਚੂਹਿਆਂ ਨੇ ਪਿੱਲਰਾਂ ਦੇ ਬਿਲਕੁਲ ਨਾਲ ਮਿੱਟੀ ਵਾਲੇ ਹਿੱਸ ‘ਚ ਟੋਏ ਬਣਾ ਦਿੱਤੇ ਹਨ। ਇਸ ਬਾਰੇ ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਨੇ ਪਹਿਲਾਂ ਖੁਦ ਮੌਕੇ ਦਾ ਦੌਰਾ ਕੀਤਾ ਤੇ ਫਿਰ ਨਗਰ ਨਿਗਮ ਦੇ ਅਫਸਰਾਂ ਨੂੰ ਸੂਚਨਾ ਦਿੱਤੀ, ਜਿਸ ‘ਤੇ ਜ਼ੋਨਲ ਕਮਿਸ਼ਨਰ ਅਨੀਤਾ ਦਰਸ਼ੀ ਤੇ ਕੁਲਪ੍ਰੀਤ ਸਿੰਘ ਉੱਥੇ ਪਹੁੰਚੇ ਅਤੇ ਬੀ. ਐੱਡ. ਆਰ. ਤੇ ਹੈਲਥ ਬ੍ਰਾਂਚ ਦੇ ਅਫਸਰਾਂ ਨੂੰ ਮੌਕੇ ‘ਤੇ ਬੁਲਾ ਕੇ ਹਾਲਾਤ ਦਿਖਾਏ।

ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੁਲ ਦੇ ਹੇਠਾਂ ਸਥਿਤ ਖਾਣ-ਪੀਣ ਦੇ ਸਮਾਨ ਦੀਆਂ ਦੁਕਾਨਾਂ ਤੇ ਰੇਹੜੀ ਵਾਲਿਆਂ ਵਲੋਂ ਫੈਲਾਈ ਜਾਣ ਵਾਲੀ ਗੰਦਗੀ ਦੇ ਕਾਰਨ ਚੂਹਿਆਂ ਦੀ ਸਮੱਸਿਆ ਆ ਰਹੀ ਹੈ, ਜਿਸ ਕਾਰਨ ਚੂਹਿਆਂ ਨੇ ਪੁਲ ਦੇ ਸਾਰੇ ਪਿੱਲਰਾਂ ਨਾਲ ਲੱਗੀ ਮਿੱਟੀ ਨੂੰ ਖੋਖਲਾ ਕਰ ਕੇ ਟੋਏ ਬਣਾ ਦਿੱਤੇ ਹਨ। ਇਸ ਕਾਰਨ ਪਿੱਲਰਾਂ ਦੀ ਮਜ਼ਬੂਤੀ ਨੂੰ ਖਤਰਾ ਪੈਦਾ ਹੋ ਗਿਆ ਹੈ।

ਇਸ ‘ਤੇ ਬੀ. ਐਂਡ. ਆਰ. ਸ਼ਾਖਾ ਨੂੰ ਹੁਕਮ ਦਿੱਤੇ ਗਏ ਕਿ ਪਹਿਲਾਂ ਸਾਰੇ ਟੋਇਆਂ ‘ਚ ਚੂਹਿਆਂ ਨੂੰ ਮਾਰਨ ਦੀ ਦਵਾਈ ਪਾਈ ਜਾਵੇ ਅਤੇ ਫਿਰ ਮਜ਼ਬੂਤ ਬੇਸ ਬਣਾ ਕੇ ਸਾਰੇ ਪਿੱਲਰਾਂ ਨਾਲ ਸੀਮੈਂਟ ਦੀ ਫਿਲਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੈਲਥ ਬ੍ਰਾਂਚ ਨੂੰ ਗੰਦਗੀ ਫੈਲਾਉਣ ਵਾਲੇ ਦੁਕਾਨਦਾਰਾਂ ਦੇ ਚਲਾਨ ਪਾਉਣ ਸਮੇਤ ਰੈਗੂਲਰ ਸਫਾਈ ਕਰਾਉਣ ਲਈ ਕਿਹਾ ਗਿਆ ਹੈ।


LEAVE A REPLY