ਸਪੈਸ਼ਲ ਟਾਸਕ ਫੋਰਸ ਨੇ 2.13 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 2 ਨੂੰ ਕੀਤਾ ਕਾਬੂ


ਲੁਧਿਆਣਾ – ਸਪੈਸ਼ਲ ਟਾਸਕ ਫੋਰਸ ਨੇ ਬੀਤੀ ਰਾਤ ਨਸ਼ੀਲੀਆਂ ਦਵਾਈਆਂ ਦੀ ਸਭ ਤੋਂ ਵੱਡੀ ਖੇਪ ਫੜ੍ਹੀ ਹੈ। ਇਥੋਂ ਦੇ ਐੱਸ. ਟੀ. ਐੱਫ. ਦੇ ਆਈ. ਜੀ. ਪ੍ਰਮੋਦ ਬਾਨ, ਏ. ਆਈ. ਜੀ. ਸਨੇਹਦੀਪ ਸ਼ਰਮਾ, ਏ. ਆਈ. ਜੀ. ਜਲੰਧਰ ਮੁਖਵਿੰਦਰ ਸਿੰਘ ਭੁੱਲਰ ਨੇ ਪੱਤਰਕਾਰ ਸੰਮੇਲਨ ਦੌਰਾਨ ਖੁਲ੍ਹਾਸਾ ਕੀਤਾ ਕਿ ਐੱਸ. ਟੀ. ਐੱਫ. ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਦੀ ਪੁਲਸ ਟੀਮ ਨੇ ਥਾਣਾ ਹੈਬੋਵਾਲ ਦੇ ਅਧੀਨ ਆਉਂਦੇ ਸੰਗਮ ਪੈਲੇਸ ਚੌਕ ਚੂਹੜਪੁਰ ‘ਚ ਨਾਕਾਬੰਦੀ ਦੌਰਾਨ ਇਨੋਵਾ ਗੱਡੀ ਦੀ ਤਲਾਸ਼ੀ ਲਈ। ਜਿਸ ‘ਚੋਂ 4 ਲੱਖ 80 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 6 ਲੱਖ ਰੁਪਏ ਦੀ ਡਰੱਗਜ਼ ਮਨੀ ਬਰਾਮਦ ਕੀਤੀ ਗਈ। ਦੋਸ਼ੀਆਂ ਦੀ ਪਛਾਣ ਮਨਿੰਦਰਵੀਰ ਸਿੰਘ ਰਾਜਾ ਵਾਸੀ ਨਿਊ ਪਰੇਲ ਨਗਰ ਹੈਬੋਵਾਲ ਕਲਾਂ ਦੇ ਰੂਪ ‘ਚ ਹੋਈ ਹੈ, ਜਿਸ ਦੇ ਖਿਲਾਫ ਥਾਣਾ ਹੈਬੋਵਾਲ ‘ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਆਈ. ਜੀ. ਪ੍ਰਮੋਦ ਬਾਨ ਨੇ ਦੱਸਿਆ ਕਿ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਉਸ ਦੇ ਘਰ ‘ਚ ਛਾਪੇਮਾਰੀ ਕੀਤੀ ਗਈ ਅਤੇ ਘਰ ਦੀ ਛੱਤ ‘ਤੇ ਬਣੇ ਸਟੋਰ ‘ਚ 21 ਲੱਖ 58 ਹਜ਼ਾਰ 348 ਨਸ਼ੀਲੀਆਂ ਗੋਲੀਆਂ, ਕੈਪਸੂਲ, ਇੰਜੈਕਸ਼ਨ ਅਤੇ ਕਫ ਸਿਰਪ ਬਰਾਮਦ ਕੀਤੇ। ਇਸ ਤੋਂ ਬਾਅਦ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਟਰਾਂਸਪੋਰਟ ਨਗਰ ‘ਚ ਬਣੇ ਇਕ ਗੋਦਾਮ ‘ਚ ਛਾਪੇਮਾਰੀ ਕਰਕੇ ਉਥੋਂ 2 ਲੱਖ 50 ਹਜ਼ਾਰ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਅਤੇ ਮੌਕੇ ‘ਤੇ ਟਰਾਂਸਪੋਰਟ ਕੰਪਨੀ ਦੇ ਮੈਨੇਜ਼ਰ ਸੁਰਿੰਦਰ ਕੁਮਾਰ (32) ਨਿਵਾਸੀ ਪਿੰਡ ਮੁਰਾਦਪੁਰ ਜੱਟਾਂ ਹੁਸ਼ਿਆਰਪੁਰ ਨੂੰ ਮਾਮਲੇ ‘ਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਐੱਸ. ਟੀ. ਐੱਫ. ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਵਾਈਆਂ ਦੀ ਕੁੱਲ ਕੀਮਤ 2 ਕਰੋੜ 13 ਲੱਖ 89 ਹਜ਼ਾਰ 937 ਰੁਪਏ ਹਨ। ਉਕਤ ਦੋਸ਼ੀਆਂ ਦੇ ਬੈਂਕ ਖਾਤਿਆਂ ਦੇ ਰਿਕਾਰਡ ਅਤੇ ਪ੍ਰਾਪਰਟੀ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।

 


LEAVE A REPLY