ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਮੁਹਾਲੀ ਅਦਾਲਤ ਵਿੱਚ ਕੀਤਾ ਆਤਮ ਸਮਰਪਣ, ਪੁਲਿਸ ਨੇ ਭੇਜਿਆ ਜੇਲ੍ਹ


dyal singh koleyanwali surrendered in mohali court

ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਅਦਾਲਤ ਨੇ ਕੋਲਿਆਂਵਾਲੀ ਨੂੰ ਜੇਲ੍ਹ ਭੇਜ ਦਿੱਤਾ ਹੈ। ਕੋਲਿਆਂਵਾਲੀ ਉੱਪਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲੱਗੇ ਸਨ। ਪਿਛਲੇ ਦਿਨੀਂ ਉਨ੍ਹਾਂ ਨੂੰ ਦੇਸ਼ ਦੀ ਸਰਬਉੱਚ ਅਦਾਲਤ ਤੋਂ ਵੀ ਅਗਾਊਂ ਜ਼ਮਾਨਤ ਨਹੀਂ ਸੀ ਮਿਲੀ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਹਫ਼ਤੇ ਅੰਦਰ ਸਮਰਪਣ ਕਰਨ ਦੇ ਹੁਕਮ ਸਨ। ਬਾਦਲਾਂ ਦੇ ਖ਼ਾਸ-ਮ-ਖ਼ਾਸ ਕੋਲਿਆਂਵਾਲੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਬਠਿੰਡਾ ਵਿਜੀਲੈਂਸ ਬਿਊਰੋ ਨੇ ਦਰਜ ਕੀਤਾ ਸੀ ਅਤੇ ਹੁਣ ਵਿਜੀਲੈਂਸ ਦੀ ਟੀਮ ਭਲਕੇ ਮੁਹਾਲੀ ਅਦਾਲਤ ਵਿੱਚ ਰਿਮਾਂਡ ਲਈ ਬਿਨੈ ਕਰੇਗੀ ਤਾਂ ਜੋ ਕੋਲਿਆਂਵਾਲੀ ਤੋਂ ਪੁੱਛ ਗਿੱਛ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਕੋਲਿਆਂਵਾਲੀ ’ਤੇ ਸਾਲ 2007 ਤੋਂ 2017 ਤਕ ਆਪਣੀ ਸਰਕਾਰੀ ਚੇਅਰਮੈਨੀ (ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ) ‘ਤੇ ਰਹਿੰਦਿਆਂ ਰੁਤਬੇ ਦੀ ਦੁਰਵਰਤੋਂ ਕਰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲਾਏ ਸਨ। ਵਿਜੀਲੈਂਸ ਨੇ ਕੋਲਿਆਂਵਾਲੀ ’ਤੇ 30 ਜੂਨ, 2018 ਨੂੰ ਵਸੀਲਿਆਂ ਤੋਂ ਜ਼ਿਆਦਾ ਜਾਇਦਾਦ ਬਣਾਏ ਜਾਣ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ।

ਇਸ ਤੋਂ ਬਾਅਦ ਕੋਲਿਆਂਵਾਲੀ ਰੂਪੋਸ਼ ਹੋ ਗਏ ਸਨ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ 25 ਜੁਲਾਈ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ ਉਹ ਤਿੰਨ-ਚਾਰ ਵਾਰ ਵਿਜੀਲੈਂਸ ਅਧਿਕਾਰੀ ਭੁਪਿੰਦਰ ਸਿੰਘ ਸਿੱਧੂ ਕੋਲ ਤਫ਼ਤੀਸ਼ ਲਈ ਹਾਜ਼ਰ ਹੋਏ ਸਨ। ਇਸੇ ਮਹੀਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਕੋਲਿਆਂਵਾਲੀ ਦੇ ਬੰਦ ਪਏ ਘਰ ਵਿੱਚ ਵਿਜੀਲੈਂਸ ਨੇ ਛਾਪਾ ਵੀ ਮਾਰਿਆ ਸੀ। ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੋਲਿਆਂਵਾਲੀ ਨੇ ਸਮਰਪਣ ਕਰ ਦਿੱਤਾ ਹੈ।


LEAVE A REPLY