ਸਾਬਕਾ NRI ਨੇ ਥਰਮਸ ਤੇ ਫ੍ਰਾਈਪੈਨ ਨਾਲ ਕੀਤਾ ਪਤਨੀ ਦਾ ਕਤਲ


ਜ਼ੀਰਕਪੁਰ ਦੇ ਵੀਆਈਪੀ ਰੋਡ ਸਥਿਤ ਮੋਨਾ ਗਰੀਨ ਸੁਸਾਇਟੀ ਵਿੱਚ ਇੱਕ ਵਿਅਕਤੀ ਨੇ ਫਰਾਈਪੈਨ ਤੇ ਥਰਮਸ ਮਾਰ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਪਛਾਣ 28 ਸਾਲਾ ਮਮਨਦੀਪ ਕੌਰ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕਾ ਦੇ ਭਰਾ ਗੁਰਦੇਵ ਸਿੰਘ ਵਾਸੀ ਬਠਿੰਡਾ ਦੇ ਬਿਆਨਾਂ ਦੇ ਆਧਾਰ ’ਤੇ ਉਸਦੇ ਪਤੀ ਗੁਰਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ ਮਮਨਦੀਪ ਦਾ ਵਿਆਹ ਇੱਕ ਸਾਲ ਪਹਿਲਾਂ ਭਗਤਾ ਭਾਈ ਕਾ ਦੇ ਗੁਰਪ੍ਰੀਤ ਸਿੰਘ ਵਾਸੀ ਨਾਲ ਕੀਤਾ ਸੀ। ਮੰਗਣੀ ਵੇਲੇ ਗੁਰਪ੍ਰੀਤ ਸਿੰਘ ਇੰਗਲੈਂਡ ਰਹਿੰਦਾ ਸੀ ਤੇ ਉਨ੍ਹਾਂ ਕੁੜੀ ਵਾਲਿਆਂ ਨੂੰ ਕਿਹਾ ਸੀ ਕਿ ਵਿਆਹ ਤੋਂ ਬਾਅਦ ਦੋਵੇਂ ਜਣੇ ਇੰਗਲੈਂਡ ਚਲੇ ਜਾਣਗੇ। ਕਰੀਬ ਇੱਕ ਸਾਲ ਪਹਿਲਾਂ ਵਿਆਹ ਕੀਤਾ ਗਿਆ ਤੇ ਬਾਅਦ ਵਿੱਚ ਪਤਾ ਲੱਗਾ ਕਿ ਗੁਰਪ੍ਰੀਤ ਨੂੰ ਇੰਗਲੈਂਡ ਤੋਂ ਡਿਪੋਰਟ ਕੀਤਾ ਭਾਵ ਕੱਢ ਦਿੱਤਾ ਗਿਆ ਸੀ। ਵਿਆਹ ਤੋਂ ਬਾਅਦ ਗੁਰਪ੍ਰੀਤ ਕੋਈ ਕੰਮ ਨਹੀਂ ਕਰਦਾ ਸੀ ਤੇ ਕੰਮ-ਕਾਰ ਸ਼ੁਰੂ ਕਰਨ ਲਈ ਮਮਨਦੀਪ ਨੂੰ ਆਪਣੇ ਮਾਪਿਆਂ ਤੋਂ ਪੈਸੇ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦਾ ਸੀ।

ਸ਼ਿਕਾਇਤਕਰਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਪੈਸੇ ਦੇਣ ਵਿੱਚ ਅਸਮਰਥ ਸਨ। ਲੰਘੀ ਰਾਤ ਤਕਰੀਬਨ ਸਵਾ ਦਸ ਵਜੇ ਉਨ੍ਹਾਂ ਦੇ ਜਵਾਈ ਨੇ ਫੋਨ ਕਰ ਸੂਚਿਤ ਕੀਤਾ ਕਿ ਉਨ੍ਹਾਂ ਦੀ ਲੜਕੀ ਨੂੰ ਡਿੱਗਣ ਕਾਰਨ ਚੋਟ ਲੱਗੀ ਹੈ ਤੇ ਉਹ ਦਵਾਈ ਲੈਣ ਲਈ ਨਹੀਂ ਜਾ ਰਹੀ, ਜਿਸ ਲਈ ਉਹ ਆ ਜਾਣ। ਬਾਅਦ ਵਿੱਚ ਗੁਰਪ੍ਰੀਤ ਦੇ ਦੋਸਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਦੀ ਧੀ ਹੁਣ ਨਹੀਂ ਰਹੀ। ਇਸ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ। ਗੁਰਪ੍ਰੀਤ ਦੇ ਦੋਸਤ ਨੇ ਇਸਦੀ ਜਾਣਕਾਰੀ ਨੇੜਲੇ ਗੁਆਂਢੀਆਂ ਤੇ ਪੁਲੀਸ ਨੂੰ ਦਿੱਤੀ।

ਥਾਣਾ ਮੁਖੀ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਵਿਹਲੜ ਸੀ। ਲੰਘੀ ਸ਼ਾਮ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਇਸ ਦੌਰਾਨ ਉਸਨੇ ਗੁੱਸੇ ਵਿੱਚ ਚਾਹ ਬਣਾ ਰਹੀ ਆਪਣੀ ਪਤੀ ਦੇ ਸਿਰ ਵਿੱਚ ਫਰਾਈਪੈਨ ਤੇ ਥਰਮਸ ਨਾਲ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕਤਲ ਦਾ ਕੇਸ ਦਰਜ ਕਰ ਅੱਜ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।


LEAVE A REPLY