ਹੁਣ 50 ਰੁਪਏ ਵਿੱਚ ਕਰਵਾਓ ਫੂਡ ਸੈਂਪਲ ਦੀ ਜਾਂਚ, ਮੌਕੇ ਤੇ ਮਿਲੇਗੀ ਰਿਪੋਰਟ


ਲੁਧਿਆਣਾ – ਹੁਣ ਖਾਣ-ਪੀਣ ਦੀਆਂ ਵਸਤੂਆਂ ਦੀ ਜਾਂਚ ਤੁਸੀਂ ਮੌਕੇ ‘ਤੇ ਹੀ ਕਰਵਾ ਸਕਦੇ ਹੋ ਅਤੇ ਇਹ ਜਾਣ ਸਕਦੇ ਹੋ ਕਿ ਜੋ ਖਾਣ ਦੀ ਵਸਤੂ ਆਪਣੇ ਲਈ ਹੈ। ਉਹ ਗੁਣਵੱਤਾ ਦੇ ਮਾਮਲੇ ਵਿਚ ਕਿੱਥੋਂ ਤੱਕ ਸਹੀ ਉਤਰ ਰਹੀ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਨੇ ਪੰਜਾਬ ‘ਚ ਆਧੁਨਿਕ ਲੈਬ ਨਾਲ ਲੈਸ ਦੋ ਮੋਬਾਇਲ ਵੈਨਾਂ ਜਿਸ ਨੂੰ ਫੂਡ ਸੇਫਟੀ ਆਨ ਵ੍ਹੀਕਲ ਵੀ ਕਿਹਾ ਜਾਂਦਾ, ਭੇਜੀਆਂ ਹਨ। ਇਹ ਇਹ ਵੈਨਾਂ ਅਗਲੇ ਦਿਨਾਂ ‘ਚ 11-11 ਜ਼ਿਲਿਆਂ ਦਾ ਦੌਰਾ ਕਰਨਗੀਆਂ। ਕੋਈ ਵੀ ਵਿਅਕਤੀ ਖਾਣ-ਪੀਣ ਦੀ ਵਸਤੂ ਦੀ ਸਿਰਫ 50 ਰੁਪਏ ‘ਚ ਜਾਂਚ ਕਰਵਾ ਮੌਕੇ ‘ਤੇ ਹੀ ਉਸ ਦੀ ਗੁਣਵੱਤਾ ਦੀ ਰਿਪੋਰਟ ਪ੍ਰਾਪਤ ਕਰ ਸਕੇਗਾ। ਦੇਸ਼ ‘ਚ ਸਰਕਾਰੀ ਅਤੇ ਨਿੱਜੀ ਲੈਬ ਦੀ ਘਾਟ ਨੂੰ ਪੂਰਾ ਕਰਨ ਅਤੇ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਪ੍ਰਤੀ ਜਾਗਰੂਕ ਕਰਨ ਲਈ ਉਕਤ ਵੈਨਾਂ ਮਹੱਤਵਪੂਰਨ ਭੂਮਿਕਾ ਅਦਾ ਕਰਨਗੀਆਂ। ਰਾਜ ਦੀ ਸਿਹਤ ਨਿਰਦੇਸ਼ਕ ਡਾ. ਜਸਪਾਲ ਕੌਰ ਦਾ ਕਹਿਣਾ ਹੈ ਕਿ ਵੈਨਾਂ ‘ਚ 40 ਤਰ੍ਹਾਂ ਦੀਆਂ ਫੂਡ ਆਈਟਮਾਂ ਦੀ ਜਾਂਚ ਦੀ ਸੁਵਿਧਾ ਹੈ। ਜਿਵੇਂ ਦੁੱਧ ਦੀ ਫੈਟ, ਯੂਰੀਆ, ਹਲਦੀ, ਮਸਾਲੇ, ਪਾਣੀ, ਖਾਣ ਵਾਲੇ ਤੇਲਾਂ, ਸਮੇਤ ਰੋਜ਼ਾਨਾਂ ਇਸਤੇਮਾਲ ਹੋਣ ਵਾਲੀਆਂ ਵਸਤੂਆਂ ਦੇ ਇਲਾਵਾ ਬਰਫੀ ‘ਤੇ ਲਾਇਆ ਗਿਆ ਵਰਕ ਕਿ ਉਹ ਚਾਂਦੀ ਦਾ ਹੈ ਜਾਂ ਨਹੀਂ, ਤੁਰੰਤ ਨਤੀਜੇ ਦੇਵੇਗੀ। ਇਕ ਵੈਨ ਨੂੰ ਮੁੱਖ ਮੰਤਰੀ ਵਲੋਂ ਰੋਪੜ ‘ਚ ਅਤੇ ਦੂਜੀ ਨੂੰ ਅੰਮ੍ਰਿਤਸਰ ‘ਚ ਸਿਹਤ ਮੰਤਰੀ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾ ਚੁੱਕਿਆ ਹੈ।

ਮੋਬਾਈਲ ਵੈਨਾਂ ਸ਼ਹਿਰਾਂ ਦੇ ਇਲਾਵਾ ਪਿੰਡਾਂ ਦਾ ਵੀ ਦੌਰਾ ਕਰਨਗੀਆਂ। ਇਕ ਵੈਨ ‘ਤੇ ਅਨੁਮਾਨਿਤ ਲਾਗਤ 70 ਲੱਖ ਰੁਪਏ ਦੱਸੀ ਜਾਂਦੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਇਸ ਮੁਹਿੰਮ ਨਾਲ ਲੋਕ ਖਾਣ-ਪੀਣ ਦੀਆਂ ਵਸਤੂਆਂ ਪ੍ਰਤੀ ਜਾਗਰੂਕ ਹੋਣਗੇ ਅਤੇ ਸ਼ੱਕ ਹੋਣ ‘ਤੇ ਉਹ ਫੂਡ ਸੈਂਪਲਾਂ ਦੀ ਜਾਂਚ ਲਈ ਅੱਗੇ ਆਉਣਗੇ। ਵਰਣਨਯੋਗ ਹੈ ਕਿ ਫੂਡ ਸੇਫਟੀ ਅਥਾਰਿਟੀ ਵਲੋਂ ਜ਼ਿਆਦਾਤਰ ਸੂਬਿਆਂ ‘ਚ ਇਕ ਵੈਨ ਭੇਜੀ ਗਈ ਹੈ ਪਰ ਪੰਜਾਬ ਕੁਝ ਚੋਣਵੇਂ ਰਾਜਾਂ ‘ਚੋਂ ਇਕ ਹੈ ਜਿਥੇ ਦੋ ਮੋਬਾਇਲ ਵੈਨਾਂ ਭੇਜੀਆਂ ਗਈਆਂ ਹਨ। ਜ਼ਿਲਾ ਸਿਹਤ ਅਧਿਕਾਰੀ ਲੁਧਿਆਣਾ ਡਾ. ਆਦੇਸ਼ ਕੰਗ ਦੇ ਅਨੁਸਾਰ ਇਸ ਦੇ ਸਾਕਾਰਾਤਮਕ ਨਤੀਜੇ ਨਿਕਲਣਗੇ। ਲੋਕ ਜਾਗਰੂਕ ਹੋਣਗੇ ਤੇ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ। ਫੂਡ ਬਿਜ਼ਨੈੱਸ ਆਪਰੇਟਰ ਵੀ ਬਿਹਤਰ ਹਾਈਜੈਨਿਕ ਮਾਹੌਲ ਅਤੇ ਖਾਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਵੱਲ ਧਿਆਨ ਦੇਣਗੇ।


LEAVE A REPLY