ਵਿਦੇਸ਼ੀ ਗੋਰਿਆਂ’ ਨੇ ਬਦਲ ਛੱਡੀ ਲੁਧਿਆਣਾ ਦੇ ਇਸ ਪਿੰਡ ਦੀ ਨੁਹਾਰ – ਦੇਖੋ ਤਸਵੀਰਾਂ


ਲੁਧਿਆਣਾ – ਲੁਧਿਆਣਾ ਦੇ ਪਿੰਡ ਅਲੂਣਾ ਤੋਲਾ ਦੀ ਨੁਹਾਰ ਬਦਲਣ ਲਈ ਆਏ ਕਈ ਬਾਹਰਲੇ ਮੁਲਕਾਂ ਦੇ ਗੋਰੇ, ਗੋਰੀਆਂ ਵੱਲੋਂ ਪਿੰਡ ਨੂੰ ਰੰਗ-ਰੋਗਨ ਕਰਕੇ ‘ਤੇ ਕੰਧਾਂ ‘ਤੇ ਮੀਨਾਕਾਰੀ ਕਰਕੇ ਚਾਰ ਚੰਨ ਲਾਏ ਜਾ ਰਹੇ ਹਨ, ਜਿਸ ਨੂੰ ਵੇਖਣ ਲਈ ਦੂਰ ਦੁਰਾਡੇ ਦੇ ਲੋਕਾਂ ਦਾ ਅਲੂਣਾ ਤੋਲਾ ਵਿਖੇ ਤਾਂਤਾ ਲੱਗਿਆ ਹੋਇਆ ਹੈ। ਪਿੰਡ ਦੀ ਨੁਹਾਰ ਨੂੰ ਬਦਲਣ ਦੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੇਖਣ ਲਈ ਐੱਸ. ਡੀ. ਐੱਮ. ਮੈਡਮ ਸਵਾਤੀ ਟਿਵਾਣਾ, ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਬੀ. ਡੀ. ਪੀ. ਓ. ਨਵਨੀਤ ਕੌਰ ਅਤੇ ਬਲਾਕ ਪ੍ਰਧਾਨ ਜਸਵੀਰ ਸਿੰਘ ਜੱਸੀ ਉਚੇਚੇ ਤੌਰ ‘ਤੇ ਪੁੱਜੇ ਅਤੇ ਕੀਤੀ ਜਾ ਰਹੀ ਮੀਨਾਕਾਰੀ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ।

ਗੋਰਿਆਂ ਵੱਲੋਂ ਕੀਤੇ ਉਪਰਾਲੇ ਦੀ ਕੀਤੀ ਸ਼ਲਾਘਾ

ਪਿੰਡ ਦਾ ਦੌਰਾ ਕਰਨ ਤੋਂ ਬਾਅਦ ਵਿਦੇਸ਼ ਤੋਂ ਆਏ ਗੋਰਿਆਂ ਅਤੇ ਇਸੇ ਪਿੰਡ ਦੇ ਜੰਮਪਲ ਅੰਤਰਰਾਸ਼ਟਰੀ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਨਾਲ ਮੈਡਮ ਸਵਾਤੀ ਟਿਵਾਣਾ ਤੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਇਸ ਚੱਲ ਰਹੇ ਰੰਗ-ਰੋਗਨ ਦੀ ਵਿਸਥਾਰ ਪੂਰਵਕ ਜਾਣਕਾਰੀ ਲਈ ਤੇ ਗੋਰਿਆਂ ਵੱਲੋਂ ਪਿੰਡ ਅਲੂਣਾ ਤੋਲਾ ਨੂੰ ਅਪਣਾਉਣ ਤੇ ਸੁੰਦਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।

ਵਿਦੇਸ਼ ਤੋਂ ਗੋਰਿਆਂ ਦਾ ਆਇਆ ਗਰੁੱਪ

ਪਿੰਡ ਵਾਸੀ ਹਰਵਿੰਦਰ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦੇਸ਼ੀ ਗੋਰਿਆਂ ਵੱਲੋਂ ਪਿੰਡ ਦੀ ਦਿੱਖ ਸੰਵਾਰਨ ਦਾ ਸਿਹਰਾ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਨੂੰ ਜਾਂਦਾ ਹੈ, ਜਿਸ ਦੀ ਬਦੌਲਤ ਵਿਦੇਸ਼ ਤੋਂ ਗੋਰਿਆਂ ਦਾ ਗਰੁੱਪ ਆਇਆ ਹੈ ਅਤੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ 3 ਤੋਂ 4 ਮਹੀਨੇ ਦਾ ਸਮਾਂ ਲੱਗੇਗਾ।

ਕੰਧਾਂ ‘ਤੇ ਉੱਚ ਕੁਆਲਟੀ ਦਾ ਵਰਤਿਆ ਜਾ ਰਿਹਾ ਮਟੀਰੀਅਲ

ਗੋਰਿਆਂ ਵੱਲੋਂ ਕੰਧਾਂ ‘ਤੇ ਕੀਤਾ ਜਾ ਰਿਹਾ ਰੰਗ-ਰੋਗਨ ਵੀ ਉੱਚ ਕੁਆਲਟੀ ਦਾ ਵਰਤਿਆ ਜਾ ਰਿਹਾ ਹੈ। ਕੰਧਾਂ ‘ਤੇ ਕੀਤੀ ਮੀਨਾਕਾਰੀ ਵੀ ਪਿਛਲੇ ਸਮੇਂ ਦੀਆਂ ਯਾਦਾਂ ਨੂੰ ਤਰੋ-ਤਾਜ਼ਾ ਕਰਦੀਆਂ ਹਨ। ਪਿੰਡ ਦੀਆਂ ਚਾਰ ਚੁਫੇਰੇ ਕੰਧਾਂ ਤੇ ਪੁਰਾਤਨ ਵਿਰਸੇ ਵਾਲੀਆਂ ਵੰਨਗੀਆਂ ਪੇਸ਼ ਕਰਦੀਆਂ ਤਸਵੀਰਾਂ, ਜਿਨ੍ਹਾਂ ਵਿੱਚ ਪਿੰਡ ਦੀ ਔਰਤ ਸਿਰ ‘ਤੇ ਪੱਠਿਆਂ ਦੀ ਪੰਡ ਲਈ ਖੜ੍ਹੀ ਹੈ।

ਕੰਧਾਂ ‘ਤੇ ਬਣਾਏ ਵੱਖ-ਵੱਖ ਚਿੱਤਰ

ਵੱਖ-ਵੱਖ ਕੰਧਾਂ ‘ਤੇ ਟਰੈਕਟਰ, ਊਠ, ਪਹਾੜੀਆਂ, ਖਜ਼ੂਰਾਂ, ਬੋਹੜ, ਕਣਕ ਦੀ ਬੱਲੀਆਂ, ਗੁਲਾਬ ਦੇ ਫੁੱਲ, ਮੋਰ, ਘੈਂਟ ਪੰਜਾਬ ਅਤੇ ਰੋ ਰਹੇ ਪੰਜਾਬ ਨੂੰ ਦਰਸਾਉਂਦੀ ਹੋਈ ਰੋਂਦੀ ਅੱਖ ਦਾ ਚਿੱਤਰ ਵੀ ਕੰਧ ‘ਤੇ ਬਣਾਇਆ ਗਿਆ ਹੈ। ਇਨ੍ਹਾਂ ਗੋਰਿਆਂ ਦੇ ਨਾਲ ਪਿੰਡ ਦੇ ਬੱਚੇ ਤੇ ਨੌਜਵਾਨ ਵੀ ਰੰਗ-ਰੋਗਨ ਕਰਨ ਵਿੱਚ ਪੂਰੀ ਮਦਦ ਕਰ ਰਹੇ ਹਨ। ਵਿਦੇਸ਼ੀਆਂ ਦੇ ਰਹਿਣ ਸਹਿਣ ਦਾ ਕੀਤਾ ਖਾਸ ਪ੍ਰਬੰਧ ਵਿਦੇਸ਼ ਤੋਂ ਆਏ ਗੋਰਿਆਂ ਦੀ ਸੇਵਾ-ਸੰਭਾਲ, ਖਾਣ-ਪੀਣ ਤੇ ਰਹਿਣ ਸਹਿਣ ਦੀ ਜ਼ਿੰਮੇਵਾਰੀ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ਰਲ ਕੇ ਬਾਖੂਬੀ ਨਿਭਾ ਰਿਹਾ ਹੈ। ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪੂਰਾ ਕਾਰਜ ਰਾਊਂਡ ਗਲਾਸ ਫਾਊਂਡੇਸ਼ਨ ਸੰਸਥਾ, ਚੰਡੀਗੜ੍ਹ ਵੱਲਂੋ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਈ ਦੇਸ਼ਾਂ ਦੇ ਗੋਰੇ ਗੋਰੀਆਂ ਤੋਂ ਇਲਾਵਾ ਆਪਣੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੇ ਲੋਕ ਵੀ ਸ਼ਾਮਲ ਹਨ। ਜਿਨ੍ਹਾਂ ਵੱਲੋਂ ਪਿੰਡ ਦੀ ਨੁਹਾਰ ਬਦਲਣ ‘ਤੇ ਕਈ ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਨ੍ਹਾਂ ਕਲਾਕ੍ਰਿਤਾਂ ਨੂੰ ਬਣਾਉਣ ਵਾਲੇ ਜਰਮਨੀ ਤੇ ਫਰਾਂਸ ਦੇਸ਼ਾਂ ਦੇ ਮਿਸਟਰ ਜੌਹਨ, ਮਿਸ ਸੋਫੀਆ, ਪ੍ਰੋ. ਵਿਜੇ ਯਾਦਵ ਤੇ ਬਰਕਤ ਚੰਡੀਗੜ੍ਹ ਹਨ।

ਪਿੰਡ ਦੇ ਨੌਜਵਾਨਾਂ ਵਲੋਂ ਵੀ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਸਫਾਈ ਦਾ ਕੰਮ

ਇਲਾਕਾ ਵਾਸੀਆਂ ਤੇ ਪਿੰਡ ਵਾਸੀਆਂ ਵੱਲੋਂ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਮਲਹਾਂਸ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਜਿਸ ਦੇ ਉੱਦਮ ਸਦਕਾ ਪਿੰਡ ਦੀ ਪੂਰੀ ਨੁਹਾਰ ਹੀ ਬਦਲੀ ਜਾ ਰਹੀ ਹੈ। ਪਿੰਡ ਦੇ ਨੌਜਵਾਨਾਂ ਵੱਲੋਂ ਗਲੀਆਂ-ਨਾਲੀਆਂ ਦੀ ਸਫਾਈ ਦਾ ਕੰਮ ਵੀ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ।


LEAVE A REPLY