ਦੋ ਧੜਿਆਂ ਵਿੱਚ ਚੱਲੀਆਂ ਗੋਲੀਆਂ, ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ


ਦੋ ਧੜਿਆਂ ਦਰਮਿਆਨ ਹੋਈ ਆਪਸੀ ਲੜ੍ਹਾਈ ਦਰਮਿਆਨ ਅੰਨ੍ਹੇਵਾਹ ਗੋਲੀਆਂ ਚਲਾਉਣ ‘ਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਜੰਟ ਸਿੰਘ ਜੰਟਾ ਵਾਸੀ ਧੂੰਦਾ ਅਤੇ ਅਰਸ਼ਦੀਪ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ। ਦਰਅਸਲ ਸਾਹਿਲ ਗੁਰਜੰਟ ਧੜਾ ਅਤੇ ਅਰਸ਼ਦੀਪ ਰੂਬਲ ਧੜੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਪਸੀ ਖਹਿਬਾਜ਼ੀ ਚੱਲ ਰਹੀ ਸੀ ਜਿਸ ਕਾਰਨ ਇੱਕ ਦੂਜੇ ਨੂੰ ਇਹ ਪਹਿਲਾਂ ਵੀ ਧਮਕੀਆਂ ਦਿੰਦੇ ਰਹੇ ਸਨ। ਜਾਣਕਾਰੀ ਮੁਤਾਬਕ ਦੋਵਾਂ ਗਰੁੱਪਾਂ ਦੇ ਬੰਦਿਆਂ ਦੀ ਬਹਿਸ ਹੋ ਗਈ ਤੇ ਬੀਤੀ ਦੇਰ ਸ਼ਾਮ ਨੂੰ ਇਨ੍ਹਾਂ ਨੇ ਇੱਕ ਦੂਜੇ ਨੂੰ ਗੋਇੰਦਵਾਲ ਬਾਜ਼ਾਰ ਵਿੱਚ ਘੇਰ ਲਿਆ ਅਤੇ ਮੌਕੇ ‘ਤੇ ਦੋ ਦਰਜਨ ਤੋਂ ਵੱਧ ਗੋਲੀਆਂ ਚੱਲੀਆਂ ਜਿਸ ਕਾਰਨ ਗੁਰਜੰਟ ਸਿੰਘ ਦੀ ਅਤੇ ਅਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮਾਰੂ ਹਥਿਆਰਾਂ ਨਾਲ ਲੈਸ ਕਰੀਬ ਤੀਹ ਨੌਜਵਾਨ ਵੱਖ-ਵੱਖ ਗੱਡੀਆਂ ਰਾਹੀਂ ਮੁੱਖ ਬਾਜ਼ਾਰ ਵਿਚ ਪੁੱਜੇ ਸਨ। ਗੋਇੰਦਵਾਲ ਸਾਹਿਬ ਧਾਰਮਿਕ ਸਥਾਨ ਹੈ ਪਰ ਰੱਖੜ ਪੁੰਨਿਆਂ ਤੋਂ ਅਗਲਾ ਦਿਨ ਹੋਣ ਕਰਕੇ ਬਾਜ਼ਾਰ ਬੰਦ ਸੀ ਜਿਸ ਕਾਰਨ ਜਾਨੀ ਨੁਕਸਾਨ ਹੋਣੋ ਬਚ ਗਿਆ ਪਰ ਦੁਕਾਨਾਂ ਦੇ ਸ਼ਟਰ ‘ਤੇ ਵੱਡੀ ਗਿਣਤੀ ਵਿੱਚ ਗੋਲੀਆਂ ਵੱਜੀਆਂ। ਤਰਨ ਤਾਰਨ ਜ਼ਿਲ੍ਹੇ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਭਾਰੀ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਰਸ਼ਨ ਸਿੰਘ ਮਾਨ ਨੇ ‘ਏਬੀਪੀ ਸਾਂਝਾ’ ਨੂੰ ਫੋਨ ਤੇ ਦੱਸਿਆ ਕਿ ਦੋਵੇਂ ਗਰੁੱਪ ਲੋਕਲ ਗੈਂਗਸਟਰਾਂ ਦੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ‘ਤੇ ਕਾਫ਼ੀ ਪਰਚੇ ਚੱਲ ਰਹੇ ਹਨ ਤੇ ਦੋਵਾਂ ਗਰੁੱਪਾਂ ਵਿੱਚ ਆਪਸੀ ਦੁਸ਼ਮਣੀ ਚੱਲ ਰਹੀ ਸੀ ਜਿਸ ਕਾਰਨ ਅੱਜ ਇਨ੍ਹਾਂ ਦਾ ਆਪਸ ਵਿੱਚ ਟਾਕਰਾ ਹੋ ਗਿਆ। ਉਨ੍ਹਾਂ ਦੱਸਿਆ ਕਿ ਸਵੇਰੇ ਜਿੰਮ ਤੋਂ ਹੋਈ ਬਹਿਸ ਕਾਰਨ ਮਾਮਲਾ ਵਧ ਗਿਆ।


LEAVE A REPLY