ਲੁਧਿਆਣਾ – ਰਾਸ਼ਟਰੀ ਪੱਧਰ ਉਪਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਤਰਾਸ਼ਣ ਅਤੇ ਵੱਖ-ਵੱਖ ਮੁਲਕਾਂ ਦੇ ਸਭਿਆਚਾਰਾਂ ਨੂੰ ਸਮਝਣ ਦੇ ਮੰਤਵ ਨਾਲ ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ‘ਯੂਥ ਐਕਸਚੇਂਜ ਪ੍ਰੋਗਰਾਮ’ ਦੇ ਤਹਿਤ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਐਨ.ਸੀ.ਸੀ.ਯੂਨਿਟ ਦੇ ਕੈਡਿਟ ਅਤੇ ਸੀਨੀਅਰ ਅੰਡਰ ਅਫਸਰ ਸ੍ਰੀ ਰਜਨੀਸ਼ ਚੰਡੇਲ ਦੀ ਚੋਣ ਕਰਕੇ ਭਾਰਤ ਸਰਕਾਰ ਵੱਲੋਂ ਸਿੰਗਾਪੁਰ ਵਿਖੇ ਭੇਜਣ ਦਾ ਫੈਸਲਾ ਲਿਆ ਗਿਆ ਹੈ । ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਆਪਣੀ ਖੁਸ਼ੀ ਜਾਹਰ ਕੀਤੀ ਤੇ ਕਿਹਾ ਕਿ ਇਹ ਸਾਡੇ ਕਾਲਜ ਲਈ ਬੇਹੱਦ ਮਾਣ ਦਾ ਸਬੱਬ ਹੈ ਕਿ ਸਾਡੇ ਹੋਣਹਾਰ ਵਿਦਿਆਰਥੀ ਰਜਨੀਸ਼ ਚੰਡੇਲ ਦੀ ਚੋਣ ਕਰਕੇ ਉਸ ਨੂੰ ਸਭਿਆਚਾਰਕ ਆਦਾਨ – ਪ੍ਰਦਾਨ ਪ੍ਰੋਗਰਾਮ ਦੇ ਤਹਿਤ ਸਿੰਗਾਪੁਰ ਭੇਜਿਆ ਜਾ ਰਿਹਾ ਹੈ ।
ਉਹਨਾਂ ਦਸਿਆ ਕਿ ਕਾਲਜ ਦੇ ਵੱਲੋਂ ਵਿਦਿਆਰਥੀਆਂ ਨੂੰ ਸਮੇਂ -ਸਮੇਂ ਤੇ ਅਜਿਹੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਉਪਰ ਵੱਖ-ਵੱਖ ਮੁਲਕਾਂ ਦੇ ਸਭਿਆਚਾਰਾਂ ਅਤੇ ਰਹੁ-ਰੀਤਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ । ਇਸ ਮੌਕੇ ਤੇ ਐਨ.ਸੀ.ਸੀ. ਦੇ ਇੰਚਾਰਜ ਲੈਫਟੀਨੈਂਟ ਪ੍ਰੋ. ਮਨਜੀਤ ਸਿੰਘ ਬਟਾਲਵੀ ਨੇ ਦਸਿਆ ਕਿ 2017-18 ਅਕਾਦਮਿਕ ਵਰ੍ਹੇ ਦੇ ਦੌਰਾਨ ਵੀ ਸਾਡੇ ਕਾਲਜ ਦੇ ਐਨ.ਸੀ.ਸੀ ਯੂਨਿਟ ਦੇ ਕੈਡਿਟ ਅਤੇ ਸੀਨੀਅਰ ਅੰਡਰ ਅਫਸਰ ਪਵਨਦੀਪ ਸਿੰਘ ਦੀ ਸਭਿਆਚਾਰਕ ਆਦਾਨ ਪ੍ਰਦਾਨ ਪ੍ਰੋਗਰਾਮ ਦੇ ਤਹਿਤ ਮਾਲਦੀਵ ਭੇਜਣ ਲਈ ਚੋਣ ਕੀਤੀ ਗਈ ਸੀ । ਉਨ੍ਹਾਂ ਦਸਿਆ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਦੇ ਵਲੋਂ ਸਮੇਂ -ਸਮੇਂ ਤੇ ਸਮਾਜ ਭਲਾਈ ਤੇ ਰਾਸ਼ਟਰੀ ਏਕੀਕਰਨ ਤਹਿਤ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਉਸਾਰੂ ਭੂਮਿਕਾ ਨਿਭਾਈ ਜਾ ਰਹੀ ਹੈ।