ਪੰਜਾਬ ਸਰਕਾਰ 30 ਸ਼ਹਿਰਾਂ ਵਿਚ ਐੱਲ.ਈ.ਡੀ. ਲਾਈਟਾਂ ਲਾਉਣ ਦੀ ਤਿਆਰੀ ‘ਚ


ਮਾਛੀਵਾੜਾ ਸਾਹਿਬ – ਨਗਰ ਕੌਂਸਲ ਮਾਛੀਵਾੜਾ ਦੀ ਚੋਣ ਤੋਂ ਬਾਅਦ ਸਮੂਹ ਕੌਂਸਲਰਾਂ ਦੀ ਪਹਿਲੀ ਮੀਟਿੰਗ ਪ੍ਰਧਾਨ ਸੁਰਿੰਦਰ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਈ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ‘ਚ ਸੀਨੀਅਰ ਉਪ ਪ੍ਰਧਾਨ ਮਨਜੀਤ ਕੁਮਾਰੀ, ਉਪ ਪ੍ਰਧਾਨ ਅਮਰਜੀਤ ਕਾਲਾ, ਐਡਵੋਕੇਟ ਕਪਿਲ ਆਨੰਦ, ਗੁਰਨਾਮ ਸਿੰਘ ਖਾਲਸਾ, ਵਿਜੈ ਚੌਧਰੀ, ਪਰਮਜੀਤ ਪੰਮੀ, ਸੁਰਿੰਦਰ ਜੋਸ਼ੀ, ਸੂਰਜ ਕੁਮਾਰ, ਸਤਿੰਦਰ ਕੌਰ, ਪਰਮਜੀਤ ਕੌਰ, ਪੁਨੀਤ ਕੌਰ, ਹਰਜੀਤ ਕੌਰ ਕਾਹਲੋਂ ਤੇ ਬਿਮਲਾ ਦੇਵੀ (ਸਾਰੇ ਕੌਂਸਲਰ) ਮੌਜੂਦ ਸਨ।

ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 30 ਸ਼ਹਿਰਾਂ ਵਿਚ ਐੱਲ. ਈ. ਡੀ. ਲਾਈਟਾਂ ਲਾਈਆਂ ਜਾ ਰਹੀਆਂ ਹਨ, ਜਿਸ ਵਿਚ ਇਤਿਹਾਸਕ ਸ਼ਹਿਰ ਮਾਛੀਵਾੜਾ ਨੂੰ ਵੀ ਚੁਣਿਆ ਗਿਆ ਹੈ ਅਤੇ ਜਲਦ ਹੀ ਸਾਰਾ ਸ਼ਹਿਰ ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਏਗਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 7 ਸਾਲ ਤਕ ਇਨ੍ਹਾਂ ਐੱਲ. ਈ. ਡੀ. ਲਾਈਟਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਤੋਂ ਇਲਾਵਾ ਮਾਛੀਵਾੜਾ ਸ਼ਹਿਰ ਦੇ ਬਾਜ਼ਾਰਾਂ ਵਿਚ ਖਾਲਸਾ ਚੌਕ ਤੋਂ ਲੈ ਕੇ ਗਾਂਧੀ ਚੌਕ ਤੇ ਰਾਹੋਂ ਰੋਡ ਤਕ ਦੁਕਾਨਦਾਰਾਂ ਵੱਲੋਂ ਜੋ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਨੂੰ ਹਟਾਉਣ ਲਈ ਜਲਦ ਹੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਪ੍ਰਧਾਨ ਕੁੰਦਰਾ ਨੇ ਕਿਹਾ ਕਿ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਲਈ ਸ਼ਹਿਰ ਦੇ ਸਮੂਹ ਦੁਕਾਨਦਾਰ ਨਗਰ ਕੌਂਸਲ ਨੂੰ ਸਹਿਯੋਗ ਦੇਣ ਅਤੇ ਸੜਕਾਂ ਤੋਂ ਆਪਣੇ ਨਾਜਾਇਜ਼ ਕਬਜ਼ੇ ਹਟਾ ਲੈਣ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਜੋ ਵੀ ਰੇਹੜੀਆਂ, ਫੜ੍ਹੀਆਂ ਵਾਲੇ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਉਨ੍ਹਾਂ ਤੋਂ ਹਰੇਕ ਮਹੀਨੇ 200 ਰੁਪਿਆ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਬਾਜ਼ਾਰ ਵਿਚ ਟ੍ਰੈਫਿਕ ਦੇ ਮੱਦੇਨਜ਼ਰ ਰੇਹੜੀਆਂ ਖੜ੍ਹੀਆਂ ਕਰਨ ਦੀ ਸਖਤ ਮਨਾਹੀ ਕੀਤੀ ਜਾਵੇਗੀ ਅਤੇ ਰੇਹੜੀਆਂ ਵਾਲੇ ਸ਼ਹਿਰ ਵਿਚ ਤੁਰ-ਫਿਰ ਕੇ ਆਪਣਾ ਸਾਮਾਨ ਵੇਚ ਸਕਣਗੇ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਸ਼ਹਿਰ ਵਿਚ ਜੋ ਸੀਵਰੇਜ ਦਾ ਕੰਮ ਅਧੂਰਾ ਹੈ ਜਾਂ ਫਿਰ ਜਿਨ੍ਹਾਂ ਕਾਲੋਨੀਆਂ ਵਿਚ ਸੀਵਰੇਜ ਨਹੀਂ ਪਿਆ, ਉਨ੍ਹਾਂ ਵਿਚ ਪਾਈਪਾਂ ਵਿਛਾਉਣ ਦਾ ਕੰਮ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕਾਰਜ ਸਾਧਕ ਅਫਸਰ ਜਸਵੀਰ ਸਿੰਘ, ਏ. ਐੱਮ. ਈ. ਜਗਪਾਲ ਸਿੰਘ ਤੇ ਇੰਸਪੈਕਟਰ ਜਸਪਾਲ ਸਿੰਘ ਵੀ ਮੌਜੂਦ ਸਨ।


LEAVE A REPLY