ਸਿੱਖ ਸੰਗਤਾਂ ਲਈ ਪਾਕਿਸਤਾਨ ਵਲੋਂ ਆਈ ਚੰਗੀ ਖਬਰ – ਗੁਰਦੁਆਰਾ ਸ੍ਰੀ ਬਾਲ ਲੀਲ੍ਹਾ ਸਾਹਿਬ ਦੀ ਮੁੱਖ ਇਮਾਰਤ ਸ਼ਰਧਾਲੂਆਂ ਲਈ ਖੋਲ੍ਹ ਦਿੱਤੀ ਗਈ


ਪਾਕਿਸਤਾਨ ਤੋਂ ਸਿੱਖ ਸੰਗਤ ਲਈ ਇੱਕ ਹੋਰ ਖੁਸ਼ੀ ਦੀ ਖਬਰ ਆਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਦੀ ਮੁੱਖ ਇਮਾਰਤ 10 ਸਾਲ ਦੇ ਨਵੀਨੀਕਰਨ ਮਗਰੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤੀ ਗਈ ਹੈ। ਹੁਣ ਵਿਦੇਸ਼ਾਂ ਦੀ ਸਿੱਖ ਸੰਗਤ ਵੀ ਇੱਥੋਂ ਦੇ ਦਰਸ਼ਨ ਕਰ ਸਕੇਗੀ।

ਯਾਰ ਰਹੇ ਇਹ ਗੁਰਦੁਆਰਾ ਉਸ ਥਾਂ ’ਤੇ ਸੁਸ਼ੋਭਤ ਹੈ, ਜਿੱਥੋਂ ਦੇ ਖੇਤਾਂ ’ਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਬਚਪਨ ’ਚ ਆਪਣੇ ਦੋਸਤਾਂ ਨਾਲ ਖੇਡਿਆ ਕਰਦੇ ਸਨ। ਇਹ ਗੁਰਦੁਆਰਾ, ਜਨਮ ਅਸਥਾਨ ਤੋਂ 300 ਮੀਟਰ ਦੱਖਣ-ਪੂਰਬ ’ਚ ਪੈਂਦਾ ਹੈ। 1921 ਤੋਂ ਪਹਿਲਾਂ ਗੁਰਦੁਆਰੇ ਦਾ ਪ੍ਰਬੰਧ ਨਿਰਮਲੇ ਸਿੱਖਾਂ ਵੱਲੋਂ ਦੇਖਿਆ ਜਾਂਦਾ ਸੀ। 1921 ਤੇ 1947 ਵਿਚਾਲੇ ਗੁਰਦੁਆਰੇ ਦੀ ਦੇਖਭਾਲ ਸਿੱਖਾਂ ਕੋਲ ਆ ਗਈ ਸੀ। ਵੰਡ ਤੋਂ ਬਾਅਦ ਇਸ ਦਾ ਪ੍ਰਬੰਧ ਪਾਕਿਸਤਾਨ ਦੇ ਔਕਾਫ਼ ਬੋਰਡ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਇਮਾਰਤ ਦੀ ਹਾਲਤ ਖਸਤਾ ਹੋਣ ਕਰਕੇ ਸੰਗਤਾਂ ਲਈ ਗੁਰਦੁਆਰਾ ਕਰੀਬ 17 ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ।

ਹੁਣ ਕਾਰ ਸੇਵਾ ਮੁਕੰਮਲ ਹੋਣ ਮਗਰੋਂ ਗੁਰਦੁਆਰੇ ਨੂੰ ਸੰਗਤ ਦੇ ਦਰਸ਼ਨ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਕਾਰ ਸੇਵਾ ’ਚ ਯੂਕੇ ਆਧਾਰਤ ਜਥੇ ਗੁਰੂ ਕਾ ਬਾਗ, ਬਾਬਾ ਜਗਤਾਰ ਸਿੰਘ ਤਰਨ ਤਾਰਨ, ਔਕਾਫ਼ ਬੋਰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ ’ਤੇ ਸਹਿਯੋਗ ਕੀਤਾ ਹੈ। ਲੰਗਰ ਹਾਲ, ਪ੍ਰਕਾਸ਼ ਅਸਥਾਨ ਤੇ ਸੁਖਾਸਨ ਸਥਾਨ ਦਾ ਨਵੀਨੀਕਰਨ ਕੀਤਾ ਗਿਆ ਹੈ। ‘ਗੁਰਦੁਆਰੇ ਨਾਲ ਲਗਦਾ ਪੁਰਾਣਾ ਸਰੋਵਰ ਸੁੱਕ ਚੁੱਕਾ ਹੈ ਤੇ ਉਸ ਦੇ ਨਵੀਨੀਕਰਨ ਦੀ ਲੋੜ ਹੈ।

ਮੰਨਿਆ ਜਾਂਦਾ ਹੈ ਕਿ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਨਗਰ ਦਾ ਦੌਰਾ ਕਰਕੇ ਗੁਰਦੁਆਰੇ ਦਾ ਘੇਰਾ ਵਧਾਇਆ ਸੀ। 1748 ’ਚ ਮੁਲਤਾਨ ’ਤੇ ਜਿੱਤ ਮਗਰੋਂ ਦੀਵਾਨ ਕੌੜਾ ਮੱਲ ਨੇ ਪਵਿੱਤਰ ਸਰੋਵਰ ਦੀ ਸਫ਼ਾਈ ਕਰਵਾ ਕੇ ਉਸ ’ਚ ਇੱਟਾਂ ਲਵਾਈਆਂ ਸਨ। ਸਾਲ 1800 ਦੀ ਸ਼ੁਰੂਆਤ ’ਚ ਗੁਰਦੁਆਰੇ ਦੇ ਨਵੀਨੀਕਰਨ ਤੇ ਸਰੋਵਰ ਨੂੰ ਵੱਡਾ ਕਰਨ ’ਚ ਮਹਾਰਾਜਾ ਰਣਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਸੀ।


LEAVE A REPLY