ਪੰਜਾਬ ਵਿੱਚ ਫਿਰ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ


guru granth sahib sacrilege again in punjab

ਮੋਰਿੰਡਾ ਸ੍ਰੀ ਚਮਕੌਰ ਸਾਹਿਬ ਮਾਰਗ ‘ਤੇ ਪੈਂਦੇ ਪਿੰਡ ਰਾਮਗੜ੍ਹ ਦੇ ਗੁਰਦੁਆਰਾ ਸਾਹਿਬ ‘ਚ ਇਸੇ ਪਿੰਡ ਦੇ ਹੀ ਇਕ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਕੇ ਭੱਜਣ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਐੱਸ. ਐੱਚ. ਓ. ਗੁਰਸੇਵਕ ਸਿੰਘ ਨੇ ਦੱਸਿਆ ਕਿ ਬਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ, ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ, ਅੱਜ 1 ਵਜੇ ਦੇ ਕਰੀਬ ਆਪਣੇ ਘਰ ਦੇ ਨੇੜੇ ਪਿੰਡ ਦੇ ਹੀ ਵੱਡਾ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਗਿਆ, ਜਿਥੇ ਉਸ ਨੇ ਜ਼ੋਰ-ਜ਼ੋਰ ਦੀ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਜਾ ਕੇ ਬੈਠ ਗਿਆ, ਜਦੋਂ ਉਥੇ ਮੌਜੂਦ ਮਲਕੀਤ ਸਿੰਘ ਅਤੇ ਅਮਰੀਕ ਸਿੰਘ ਆਦਿ ਨੇ ਇਸ ਘਟਨਾ ਨੂੰ ਦੇਖਿਆ ਤਾਂ ਉਨ੍ਹਾਂ ਤੁਰੰਤ ਬਰਜੀਤ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਪੈਰਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪੰਨਾ ਨੰਬਰ 763 ਫਟ ਗਏ ਅਤੇ ਪਾਲਕੀ ਸਾਹਿਬ ਵੀ ਟੁੱਟ ਕੇ ਡਿੱਗ ਗਈ।

ਉਪਰੋਕਤ ਮੌਜੂਦ ਵਿਅਕਤੀਆਂ ਦਾ ਧਿਆਨ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਵੱਲ ਹੋ ਗਿਆ ਤਾਂ ਬਰਜੀਤ ਸਿੰਘ ਉੱਥੋਂ ਭੱਜ ਗਿਆ। ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਲੁਠੇੜੀ ਦੇ ਇੰਚਾਰਜ ਸ਼ਿੰਦਰਪਾਲ ਸਿੰਘ ਵੀ ਪੁਲਸ ਸਮੇਤ ਉੱਥੇ ਪੁੱਜ ਗਏ। ਉਨ੍ਹਾਂ ਤੁਰੰਤ ਮੁਲਜ਼ਮ ਬਰਜੀਤ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਤੇ ਉਸ ਨੂੰ ਕਾਬੂ ਕਰ ਲਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਬਰਜੀਤ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


LEAVE A REPLY