ਕਿਵੇਂ ਸੁਲਝਾਇਏ ਜੈਨਰੇਸ਼ਨ ਗੈਪ ਦੀ ਸਮੱਸਿਆ


ਅੱਜਕੱਲ ਸੰਸਾਰ ਦੇ ਹਰੇਕ ਕੋਨੇ ਵਿਚ ਜੈਨਰੇਸ਼ਨ ਗੈਪ ਭਾਵ ਦੋ ਪੀੜੵੀਆਂ ਵਿਚਕਾਰ ਅੰਤਰ ਇਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਜਿੱਥੇ ਵੀ ਦੇਖੋ, ਹਰੇਕ ਪਰਿਵਾਰ ਵਿਚ ਇਸੇ ਗੱਲ ਦੀ ਚਰਚਾ ਹੈ ਕਿ ਬੱਚੇ ਮਾਪਿਆਂ ਦੀ ਗੱਲ ਨਹੀਂ ਸੁਣਦੇ। ਜਦੋਂ ਬੱਚਿਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਬੱਚੇ ਕਹਿੰਦੇ ਹਨ ਕਿ ਮਾਪੇ ਸਾਡੀ ਗੱਲ ਨਹੀਂ ਸੁਣਦੇ। ਵੈਸੇ ਤਾਂ ਇਹ ਕੋਈ ਨਵੀਂ ਸਮੱਸਿਆ ਨਹੀਂ ਹੈ। ਜਦੋਂ ਤੋਂ ਮਨੁੱਖ ਜਾਤੀ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਦੋ ਪੀੜੵੀਆਂ ਵਿਚਲੇ ਅੰਤਰ ਨੇ ਜਿੱਥੇ ਬਹੁਤ ਵਾਰ ਮੁਸ਼ਕਿਲਾਂ ਖੜੵੀਆਂ ਕੀਤੀਆਂ ਹਨ ਉੱਥੇ ਦੋਹਾਂ ਦੇ ਆਪਸੀ ਸਹਿਯੋਗ ਅਤੇ ਪਿਆਰ ਨੇ ਸੰਸਾਰ ਨੂੰ ਕਈ ਨਵੀਆਂ ਦੇਣਾਂ ਵੀ ਦਿੱਤੀਆਂ ਹਨ।

ਇਹ ਦੇਖਿਆ ਗਿਆ ਹੈ ਕਿ ਜਿਨੵਾਂ ਪਰਿਵਾਰਾਂ ਵਿਚ ਰਲ ਕੇ ਬੈਠਣ ਲਈ ਸਮਾਂ ਕੱਢਿਆ ਜਾਂਦਾ ਹੈ, ਇਕ ਦੂਜੇ ਨਾਲ ਦਿਨ ਭਰ ਦੀਆਂ ਬੀਤੀਆਂ ਘਟਨਾਵਾਂ ਨੂੰ ਸਾਂਝਾ ਕੀਤਾ ਜਾਂਦਾ ਹੈ। ਉੱਥੇ ਇਹ ਸਮੱਸਿਆ ਘੱਟ ਹੈ ਪਰ ਜਿਥੇ ਘਰ ਵਿਚ ਵੱਡੇ ਆਪਣਾ ਰੋਅਬ ਅਤੇ ਦਬਦਬਾ ਬਣਾ ਕੇ ਰੱਖਣਾ ਚਾਹੁੰਦੇ ਹਨ ਅਤੇ ਛੋਟੇ ਮਨਮਰਜ਼ੀ ਕਰਨਾ ਚਾਹੁੰਦੇ ਹਨ , ਉੱਥੇ ਇਹ ਮੁਸ਼ਕਿਲ ਵੱਡੇ ਰੂਪ ਵਿਚ ਸਾਹਮਣੇ ਆਉਂਦੀ ਹੈ। ਵੱਡਿਆਂ ਦਾ ਹਰੇਕ ਗੱਲ ਤੇ ਟੋਕਣਾ ਅਤੇ ਆਪਣੇ ਵੇਲੇ ਦੀ ਦੁਹਾਈ ਦਿੰਦੇ ਰਹਿਣਾ, ਨੌਜੁਆਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਉਂਦਾ। ਦੂਜੇ ਪਾਸੇ ਨੌਜੁਆਨਾਂ ਦਾ ਬਿਨੵਾਂ ਵੱਡਿਆਂ ਨਾਲ ਸਲਾਹ ਕੀਤੇ ਆਪਹੁਦਰੇ ਫੈਸਲੇ ਲੈ ਲੈਣਾ ਵੱਡਿਆਂ ਦੇ ਸਤਿਕਾਰ ਅਤੇ ਸਵੈ ਮਾਣ ਨੂੰ ਠੇਸ ਪਹੁੰਚਾਉਂਦਾ ਹੈ । ਦੋਵੇਂ ਧਿਰਾਂ ਆਪਣੀ ਆਪਣੀ ਜ਼ਿਦ ਤੇ ਅੜ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਯਤਨ ਵਿਚ ਇਕ ਦੂਜੇ ਤੋਂ ਹੋਰ ਦੂਰ ਹੋਰ ਦੂਰ ਹੁੰਦੀਆਂ ਜਾਂਦੀਆਂ ਹਨ ਤੇ ਪਾੜਾ ਭਾਵ ਅੰਤਰ ਵੱਧਦਾ ਹੀ ਜਾਂਦਾ ਹੈ। ਐਸਾ ਸਿਰਫ ਪਰਿਵਾਰਾਂ ਵਿਚ ਹੀ ਨਹੀਂ ਸਗੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਰਾਜਨੀਤਕ ਪਾਰਟੀਆਂ, ਗੱਲ ਕੀ, ਸਮਾਜ ਦੇ ਹਰੇਕ ਹਿੱਸੇ ਵਿਚ ਹੋ ਰਿਹਾ ਹੈ। ਹਰੇਕ ਥਾਂ ਤੇ ਇਸੇ ਜ਼ਿਦ ਕਾਰਣ ਕਈ ਵਾਰ ਵੱਡੇ ਨੁਕਸਾਨ ਝੇਲਣੇ ਪੈਂਦੇ ਹਨ। ਵੱਡੇ ਆਪਣਾ ਕਾਬੂ ਕਰਣ ਦਾ ਸੁਭਾਅ ਨਹੀਂ ਛੱਡਦੇ ਤੇ ਛੋਟੇ ਹਰੇਕ ਤਰੵਾਂ ਦੀ ਆਜ਼ਾਦੀ ਮਾਣਨਾ ਚਾਹੁੰਦੇ ਹਨ। ਬਹੁਤ ਵਾਰ ਵੱਡਿਆਂ ਦੀ ਬੇਲੋੜੀ ਜ਼ਿਦ ਕਾਰਣ ਬਹੁਤ ਸਾਰੇ ਨਵੇਂ ਵਿਚਾਰ ਦਮ ਤੋੜ ਦਿੰਦੇ ਹਨ ਤੇ ਕਈ ਵਾਰ ਨੌਜੁਆਨਾਂ ਦੀਆਂ ਆਪਹੁਦਰੀਆਂ ਜ਼ਿਦਾਂ ਕਾਰਣ ਵੱਡੇ ਆਪਣੇ ਆਪ ਨੂੰ ਨੁਕਰੇ ਲੱਗਾ ਅਤੇ ਅਪਮਾਨਿਤ ਮਹਿਸੂਸ ਕਰਦੇ ਹਨ। ਦੋਹਾਂ ਵਿਚੋਂ ਜੇ ਇਕ ਧਿਰ ਵੀ ਜ਼ਿਦ ਛੱਡਣ ਦੀ ਪਹਿਲ ਕਰ ਲਵੇ ਤਾਂ ਸਮੱਸਿਆ ਬੜੇ ਆਰਾਮ ਨਾਲ ਹੱਲ ਹੋ ਸਕਦੀ ਹੈ।
ਚਾਹੀਦਾ ਤਾਂ ਇਹ ਹੈ ਕਿ ਸਮੱਸਿਆ ਦੀ ਤਹਿ ਤੱਕ ਪਹੁੰਚ ਕੇ ਆਪਸੀ ਵਿਚਾਰ ਵਟਾਂਦਰੇ ਦੁਆਰਾ ਸੁਲਝਾ ਲਿਆ ਜਾਵੇ । ਵੱਡਿਆਂ ਕੋਲ ਹਰੇਕ ਕਿਸਮ ਦਾ ਜ਼ਿੰਦਗੀ ਦਾ ਤਜ਼ਰਬਾ, ਸਬਰ ਅਤੇ ਹੋਸ਼ ਹੁੰਦੀ ਹੈ ਪਰ ਜੋਸ਼ ਦਾ ਦਿਨੋ ਦਿਨ ਘਾਟਾ ਵਾਪਰਦਾ ਜਾਂਦਾ ਹੈ । ਦੂਜੇ ਪਾਸੇ ਨੌਜੁਆਨਾਂ ਕੋਲ ਨਵੀਆਂ ਸੋਚਾਂ, ਨਵੇਂ ਵਿਚਾਰ, ਨਵੀਂ ਤਕਨੀਕ ਅਤੇ ਬਹੁਤ ਸਾਰਾ ਜੋਸ਼ ਹੁੰਦਾ ਹੈ ਪਰ ਤਜ਼ਰਬੇ ਅਤੇ ਹੋਸ਼ ਦੀ ਕਮੀ ਹੁੰਦੀ ਹੈ। ਜੇਕਰ ਦੋਵੇਂ ਧਿਰਾਂ ਆਪਣੇ ਆਪਣੇ ਗੁਣਾਂ ਅਤੇ ਘਾਟਾਂ ਨੂੰ ਸੱਚੇ ਦਿਲ ਨਾਲ ਪਰਵਾਨ ਕਰਦਿਆਂ ਇਕ ਦੂਜੇ ਤੋਂ ਮੱਦਦ ਮੰਗਣ ਅਤੇ ਸਹਿਯੋਗ ਦੇਣ ਦਾ ਯਤਨ ਕਰਨ ਤਾਂ ਕਿਤੇ ਵੀ ਕੋਈ ਸਮੱਸਿਆ ਬਚਦੀ ਹੀ ਨਹੀਂ।

ਯਾਦ ਰਖੀਏ ਕਿ ਕੋਈ ਵੀ ਮਨੁੱਖ ਸੰਪੂਰਨ ਨਹੀਂ ਹੈ। ਇਸੇ ਲਈ ਕੋਈ ਵੀ ਧਿਰ ਵੀ ਸੰਪੂਰਨ ਨਹੀਂ ਹੋ ਸਕਦੀ। ਆਪਸੀ ਸਹਿਯੋਗ ਹੀ ਸੰਪੂਰਨਤਾ ਨੂੰ ਜਨਮ ਦੇ ਸਕਦਾ ਹੈ।
ਵੱਡਿਆਂ ਨੂੰ ਦੇਈਏ ਸਤਿਕਾਰ।
ਬਰਾਬਰ ਦਿਆਂ ਨੂੰ ਪਿਆਰ।
ਛੋਟਿਆਂ ਨੂੰ ਰਜਵਾਂ ਦੁਲਾਰ।
ਤਾਂ ਸੁਖੀ ਵਸੇ ਸੱਭ ਸੰਸਾਰ।


Proffesor Manraj Kaur


LEAVE A REPLY