ਨਗਰ ਨਿਗਮ ਨੇ ਨਜਾਇਜ਼ ਕਲੋਨੀਆਂ ਤੇ ਚਲਾਇਆ ਪੀਲਾ ਪੰਜਾ


ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਨੀਂਦ ਤੋਂ ਜਾਗੇ ਲੁਧਿਆਣਾ ਨਗਰ ਨਿਗਮ ਦੇ ਬਿਲਡਿੰਗ ਬਰਾਂਚ ਦੇ ਮੁਲਾਜ਼ਮਾਂ ਨੇ ਅੱਜ ਸੀ ਜੋਨ ਦੇ ਇਲਾਕਿਆਂ ਵਿੱਚ ਕਾਰਵਾਈ ਕੀਤੀ। ਨਜਾਇਜ਼ ਕਲੋਨੀਆਂ ‘ਤੇ ਕਾਰਵਾਈ ਕਰਨ ਗਏ ਮੁਲਾਜ਼ਮ 5 ਕਲੋਨਾਈਜ਼ਰਾਂ ਤੋਂ ਕਲੋਨੀਆਂ ਰੈਗੂਲਰ ਕਰਨ ਦੇ ‘ਬਲੈਂਕ ਚੈਕ’ ਲੈ ਆਏ, ਜਦਕਿ 7 ਕਲੋਨੀਆਂ ‘ਤੇ ਮੁਲਾਜ਼ਮਾਂ ਨੇ ਡਿੱਚ ਮਸ਼ੀਨ ਦੇ ਨਾਲ ਕਾਰਵਾਈ ਕੀਤੀ। ਖਾਸ ਗੱਲ ਇਹ ਹੈ ਕਿ ਜਿਨ੍ਹਾਂ ਕਲੋਨੀਆਂ ਨੂੰ ਰੈਗੂਲਰ ਕਰਨ ਦੇ ਲਈ ਨਗਰ ਨਿਗਮ ਮੁਲਾਜ਼ਮਾਂ ਨੇ ਚੈਕ ਲਿੱਤੇ, ਉਹ ਨਿਯਮਾਂ ਨੂੰ ਪੂਰੀਆਂ ਕਰਦੀਆਂ ਹਨ ਜਾ ਨਹੀਂ ਉਹ ਮੌਕੇ ‘ਤੇ ਨਹੀਂ ਦੇਖਿਆ ਗਿਆ, ਸਿਰਫ਼ ਚੈਕ ਲੈ ਕੇ ਉਨ੍ਹਾਂ ਨੂੰ ਕਾਰਵਾਈ ਤੋਂ ਬਚਾ ਦਿੱਤਾ ਗਿਆ।

ਨਗਰ ਨਿਗਮ ਸੀ ਜੋਨ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਅੱਜ ਕੱਚੀ ਲੋਹਾਰਾ ਰੋਡ ‘ਤੇ 2 ਨਜਾਇਜ਼ ਕਲੋਨੀਆਂ ‘ਤੇ ਕਾਰਵਾਈ ਕੀਤੀ। ਇੱਥੋਂ ਸ਼ੁਰੂਆਤ ਕਰਨ ਤੋਂ ਬਾਅਦ 2 ਨਜਾਇਜ਼ ਕਲੋਨੀਆਂ ਏਸਟਮੈਨ ਚੌਂਕ ਨੇੜੇ, ਇੱਕ ਕਲੋਨੀ ਸਟਾਰ ਰੋਡ ‘ਤੇ ਢਾਹ ਢੇਰੀ ਕੀਤੀ ਗਈ। ਉਨ੍ਹਾਂ ਕਲੋਨੀਆਂ ਦੀਆਂ ਸੀਵਰੇਜ਼ ਲਾਈਨਾਂ ਨੂੰ ਤੋੜ ਦਿੱਤਾ ਗਿਆ। ਬਾਕੀ ਬਿਜਲੀ ਦੇ ਲਗਾਏ ਗਏ ਖੰਭੇ ਤੇ ਹੋਰ ਸਮਾਨ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਬਿਲਡਿੰਗ ਬਰਾਂਚ ਦੀ ਟੀਮ ਨੇ ਸਟਾਰ ਰੋਡ ਤੇ ਏਸਟਮੈਨ ਚੌਂਕ ਨੇੜੇ ਉਸਾਰੀ ਅਧੀਨ ਤਿੰਨ ਦੁਕਾਨਾਂ ‘ਤੇ ਵੀ ਕਾਰਵਾਈ ਕੀਤੀ।

ਇਸ ਦੌਰਾਨ ਬਿਲਡਿੰਗ ਬਰਾਂਚ ਦੇ ਮੁਲਾਜ਼ਮਾਂ ਨੇ ਪੰਜ ਹੋਰ ਕਲੋਨੀਆਂ ਵਿੱਚ ਕਾਰਵਾਈ ਕਰਨ ਲਈ ਗਏ ਸਨ, ਜਿੱਥੇ ਕਲੋਨਾਈਜ਼ਰਾਂ ਦੇ ਦਬਾਅ ਹੇਠ ਆ ਕੇ ਮੁਲਾਜ਼ਮਾਂ ਨੇ ਕਾਰਵਾਈ ਕਰਨ ਦੀ ਬਜਾਏ, ਉਨ੍ਹਾਂ ਕੋਲੋਂ ਬਲੈਂਕ ਚੈਕ ਲੈ ਲਏ ਤੇ ਉਨ੍ਹਾਂ ਦੀਆਂ ਨਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਵਿੱਚ ਪਾਉਣ ਦੀ ਗੱਲ ਆਖੀ, ਜਦਕਿ ਮੌਕੇ ‘ਤੇ ਇਹ ਵੀ ਨਹੀਂ ਦੇਖਿਆ ਗਿਆ ਕਿ ਉਹ ਕੋਲਨੀਆਂ ਰਗੂਲਰ ਹੋਣ ਵਿੱਚ ਨਿਯਮਾਂ ਦੀ ਪਾਲਣਾ ਕਰਦੀਆਂ ਹਨ, ਜਾ ਨਹੀਂ। ਉਧਰ, ਏਟੀਪੀ ਹੈਡਕੁਆਟਰ ਸੁਰਿੰਦਰ ਸਿੰਘ ਬਿੰਦਰਾ ਦਾ ਕਹਿਣਾ ਹੈ ਕਿ ਕਲੋਨੀਆਂ ਰੈਗੂਲਰ ਹੋ ਸਕਦੀਆਂ ਹਨ, ਅਗਰ ਉਹ ਨਿਯਮ ਪੂਰੇ ਕਰਦੀਆਂ ਹਨ। ਅਗਰ ਉਹ ਨਿਯਮ ਪੁਰੇ ਨਹੀਂ ਕਰਦੀਆਂ ਤਾਂ ਕਲੋਨਾਈਜ਼ਰਾਂ ਵੱਲੋਂ ਦਿੱਤੀ ਗਈ ਪੈਮੇਂਟ ਨੂੰ ਜਬਤ ਕਰ ਲਿਆ ਜਾਏਗਾ।


LEAVE A REPLY