‘ਮੁੱਖ ਮੰਤਰੀ ਵਜੀਫਾ ਯੋਜਨਾ’ ਤਹਿਤ ਹੋਣਹਾਰ ਵਿਦਿਆਰਥੀਆਂ ਨੂੰ ਮਿਲਦੀ ਹੈ ਟਿਊਸ਼ਨ ਫੀਸ ਵਿੱਚ ਛੋਟ-ਡਿਪਟੀ ਕਮਿਸ਼ਨਰ


DC Pradeep Kumar Agrawal

ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਨੂੰ ਘਰ ਘਰ ਪਹੁੰਚਾਉਣ ਦੇ ਮਨਸੂਬੇ ਨਾਲ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਵਜੀਫਾ ਯੋਜਨਾ’ ਤਹਿਤ ਦਸਵੀਂ ਜਮਾਤ ਵਿੱਚੋਂ 60 ਫੀਸਦੀ ਜਾਂ ਇਸ ਤੋਂ ਵਧੇਰੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਵਿੱਚੋਂ ਛੋਟ ਦਿੱਤੀ ਜਾਂਦੀ ਹੈ। ਇਹ ਯੋਜਨਾ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਲੁਧਿਆਣਾ ਵਿਖੇ ਸ਼ੁਰੂ ਕੀਤੀ ਗਈ ਹੈ।
ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਯੋਜਨਾ ਸੂਬੇ ਦੇ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਕਿੱਤਾਮੁੱਖੀ ਤਕਨੀਕੀ ਸਿੱਖਿਆ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਹੈ। ਦਸਵੀਂ ਜਮਾਤ ਵਿੱਚੋਂ 60 ਫੀਸਦੀ ਤੋਂ ਵਧੇਰੇ ਅੰਕ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਜੇਕਰ ਸਰਕਾਰੀ ਬਹੁ-ਤਕਨੀਕੀ ਕਾਲਜ ਵਿੱਚ ਤਿੰਨ ਸਾਲ ਦੇ ਡਿਪਲੋਮੇ ਵਿੱਚ ਦਾਖ਼ਲਾ ਲੈਂਦੀਆਂ ਹਨ ਤਾਂ ਉਨਾਂ ਨੂੰ ਅੰਕਾਂ ਦੇ ਹਿਸਾਬ ਨਾਲ ਟਿਊਸ਼ਨ ਫੀਸ ਵਿੱਚੋਂ ਛੋਟ ਦਿੱਤੀ ਜਾਵੇਗੀ।

ਉਨਾਂ ਕਿਹਾ ਕਿ ਦਸਵੀਂ ਜਮਾਤ ਵਿੱਚੋਂ 60 ਤੋਂ 70 ਫੀਸਦੀ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 70 ਫੀਸਦੀ ਟਿਊਸ਼ਨ ਫੀਸ ਮੁਆਫ਼ ਹੋਵੇਗੀ। 70 ਤੋਂ 80 ਫੀਸਦੀ ਅੰਕ ਹਾਸਿਲ ਕਰਨ ਵਾਲਿਆਂ ਨੂੰ 80 ਫੀਸਦੀ, 80 ਤੋਂ 90 ਫੀਸਦੀ ਅੰਕ ਹਾਸਿਲ ਕਰਨ ਵਾਲਿਆਂ ਨੂੰ 90 ਫੀਸਦੀ ਅਤੇ 90 ਤੋਂ 100 ਫੀਸਦੀ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ 100 ਫੀਸਦੀ ਟਿਊਸ਼ਨ ਫੀਸ ਮੁਆਫ਼ ਹੋਵੇਗੀ। ਇਸ ਯੋਜਨਾ ਤਹਿਤ ਦਾਖ਼ਲਾ ਲੈਣ ਲਈ ਹੁਣ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ, ਜੋ ਕਿ 11 ਜੂਨ, 2018 ਤੱਕ ਜਾਰੀ ਰਹੇਗੀ। ਦਾਖ਼ਲੇ ਸੰਬੰਧੀ ਜਾਣਕਾਰੀ ਦੇਣ ਲਈ ਕਾਲਜ ਵਿੱਚ ਹੈੱਲਪ ਡੈੱਸਕ ਸਥਾਪਤ ਕੀਤਾ ਗਿਆ ਹੈ, ਇਸ ਤੋਂ ਇਲਾਵਾ ਕਾਲਜ ਦੇ ਨੰਬਰ 0161-2303223 ਜਾਂ 9872084786 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾਂ ਲੁਧਿਆਣਾ ਦੇ ਇੱਕੋ-ਇੱਕ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਵਿਖੇ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇੰਨਫਰਮੇਸ਼ਨ ਟੈਕਨਾਲੋਜੀ, ਗਾਰਮੈਂਟ ਮੈਨੂੰਫੈਕਚਰਿੰਗ ਟੈਕਨਾਲੋਜੀ, ਫੈਸ਼ਨ ਡਿਜ਼ਾਈਨ ਅਤੇ ਡਿਪਲੋਮਾ ਇੰਨ ਮਾਡਰਨ ਆਫ਼ਿਸ ਪ੍ਰੈਕਟਿਸ (ਸਾਰੇ ਤਿੰਨ ਸਾਲਾ ਡਿਪਲੋਮਾ ਕੋਰਸ) ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥਣਾਂ ਸੰਪਰਕ ਕਰ ਸਕਦੀਆਂ ਹਨ। ਉਨਾਂ ਕਿਹਾ ਕਿ ਇਹ ਯੋਜਨਾ ਸਿਰਫ਼ ਸਰਕਾਰੀ ਬਹੁ-ਤਕਨੀਕੀ ਕਾਲਜਾਂ ਵਿੱਚ ਹੀ ਚੱਲ ਰਹੀ ਹੈ, ਜਿਸ ਦਾ ਯੋਗ ਵਿਦਿਆਰਥੀਆਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ। ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ), ਲੁਧਿਆਣਾ ਵਿਖੇ ਪੰਜਾਬ ਸਰਕਾਰ ਦੀਆਂ ਹੋਰ ਯੋਜਨਾਵਾਂ ਵੀ ਲਾਗੂ ਹਨ, ਜਿਨਾਂ ਦਾ ਯੋਗ ਵਿਦਿਆਰਥਣਾਂ ਨੂੰ ਲਾਭ ਦਿੱਤਾ ਜਾਂਦਾ ਹੈ।

  • 288
    Shares

LEAVE A REPLY