ਪੀਣ ਵਾਲੇ ਪਾਣੀ ’ਚੋਂ ਸਪੋਲੀਆ ਨਿਕਲਣ ਨਾਲ ਇਲਾਕੇ ਵਿੱਚ ਦਹਿਸ਼ਤ


ਲੁਧਿਆਣਾ – ਵਾਰਡ ਨੰ. 15 ਦੇ ਅਧੀਨ ਪੈਂਦੇ ਇਲਾਕਾ ਨਿਊ ਪੁਨੀਤ ਨਗਰ ਦੇ ਘਰਾਂ ਵਿਚ ਲੱਗੀਆਂ ਸਰਕਾਰੀ ਟੂਟੀਆਂ ’ਚੋਂ ਬੇਹੱਦ ਗੰਦਾ ਤੇ ਬਦਬੂਦਾਰ ਪਾਣੀ ਪੀਣ ਲਈ ਇਲਾਕਾ ਨਿਵਾਸੀ ਮਜਬੂਰ ਹਨ ਅਤੇ ਇਸੇ ਦੌਰਾਨ ਪਾਣੀ ਦੀ ਸਪਲਾਈ ਵਿਚ ਅਚਾਨਕ ਸਪੋਲੀਏ ਦੇ ਆ ਜਾਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਲੋਕਾਂ ਨੇ ਬੋਤਲ ਵਿਚ ਸਪੋਲੀਏ ਬੰਦ ਕਰ ਕੇ ਨਗਰ ਨਿਗਮ ਅਤੇ ਇਲਾਕਾ ਕੌਂਸਲਰ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ। ਇਲਾਕੇ ਵਾਸੀਆਂ ਬਿਮਲਾ ਵਰਮਾ, ਮਮਤਾ, ਪੂਜਾ ਰਾਣੀ, ਮੰਜੂ, ਰਾਕੇਸ਼ ਕੁਮਾਰ, ਅਖਿਲ, ਮੀਨੂ, ਵਰਿੰਦਰ ਵਰਮਾ ਨੇ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਵੀ ਪਾਣੀ ਦੀ ਸਪਲਾਈ ਵਿਚ ਕਈ ਵਾਰ ਸਪੋਲੀਏ ਨਿਕਲਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਕਿਉਂਕਿ ਸੀਵਰੇਜ ਪ੍ਰਣਾਲੀ ਦਰੁਸਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੇਕਰ ਇਹੀ ਸਿਲਸਿਲਾ ਚਲਦਾ ਰਿਹਾ ਤਾਂ ਲੋਕ ਕਿਸੇ ਨਾ ਕਿਸੇ ਬੀਮਾਰੀ ਦੇ ਸ਼ਿਕਾਰ ਹੋ ਜਾਣਗੇ ਅਤੇ ਪੀਣ ਦਾ ਪਾਣੀ ਸਾਫ ਨਾ ਮਿਲਿਆ ਤਾਂ ਲੋਕ ਕੀ ਪੀਣਗੇ। ਗੁੱਸੇ ਵਿਚ ਆਏ ਲੋਕਾਂ ਨੇ ਕਿਹਾ ਕਿ ਸਪੋਲੀਏ ਬਾਰੇ ਨਗਰ ਨਿਗਮ ਅਧਿਕਾਰੀਆਂ ਨੂੰ ਦੱਸਣਗੇ ਤਾਂ ਕਿ ਉਨ੍ਹਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਕਿਸ ਮਾਹੌਲ ਵਿਚ ਰਹਿ ਰਹੇ ਹਾਂ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦੀ ਇਸ ਘਟੀਆ ਕਾਰਗੁਜ਼ਾਰੀ ਪ੍ਰਤੀ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਜੇਕਰ ਉਨ੍ਹਾਂ ਦੇ ਇਲਾਕੇ ਦੀਆਂ ਸਮੱਸਿਆਵਾਂ (ਟੁੱਟੀਆਂ ਸਡ਼ਕਾਂ, ਖਰਾਬ ਸੀਵਰੇਜ ਪ੍ਰਣਾਲੀ, ਸਟ੍ਰੀਟ ਲਾਈਟਾਂ) ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਨਿਗਮ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ।


LEAVE A REPLY