ਬਿਨਾਂ ਪੁਲਸ ਦੀ ਵੈਰੀਫਿਕੇਸ਼ਨ ਦੇ ਜਲੰਧਰ ‘ਚ ਰਹਿ ਰਿਹਾ ਸੀ ਅੱਤਵਾਦੀ ਯੂਸੁਫ ਰਫੀਕ


ਸੀ. ਟੀ. ਇੰਸਟੀਚਿਊਟ ਵਿਚੋਂ ਗ੍ਰਿਫਤਾਰ ਹੋਏ 3 ਅੱਤਵਾਦੀਆਂ ਵਿਚੋਂ ਇਕ ਅੱਤਵਾਦੀ ਮਿੱਠੂ ਬਸਤੀ ਵਿਚ ਬਿਨਾਂ ਪੁਲਸ ਦੀ ਵੈਰੀਫਿਕੇਸ਼ਨ ਦੇ ਰਹਿ ਰਿਹਾ ਸੀ। ਕਾਫੀ ਸਮਾਂ ਉਹ ਮਿਠੂ ਬਸਤੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ ਪਰ ਜਲੰਧਰ ਪੁਲਸ ਨੂੰ ਪਤਾ ਹੀ ਨਹੀਂ ਚੱਲ ਸਕਿਆ।

ਇਸ ਤੱਥ ਤੋਂ ਇਹ ਗੱਲ ਕਲੀਅਰ ਹੋ ਗਈ ਹੈ ਕਿ ਮਕਾਨ ਮਾਲਕ ਪੁਲਸ ਦੇ ਨਿਯਮਾਂ ਨੂੰ ਤਾਂ ਫਾਲੋ ਕਰ ਰਹੀ ਨਹੀਂ ਰਹੇ ਪਰ ਪੁਲਸ ਵੀ ਇਨ੍ਹਾਂ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਨਹੀਂ ਕਰਵਾ ਸਕੀ ਹੈ। ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਗਗਨਦੀਪ ਸਿੰਘ ਨੇ ਖੁਦ ਮੰਨਿਆ ਕਿ ਅੱਤਵਾਦੀ ਯੂਸੁਫ ਰਫੀਕ ਭੱਟ ਦੇ ਕਿਰਾਏ ‘ਤੇ ਰਹਿਣ ਸਬੰਧੀ ਉਨ੍ਹਾਂ ਕੋਲ ਕੋਈ ਵੈਰੀਫਿਕੇਸ਼ਨ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੇ ਘਰ ਅੱਤਵਾਦੀ ਰਹਿ ਰਿਹਾ ਸੀ ਉਹ ਇਕ ਬਜ਼ੁਰਗ ਦਾ ਘਰ ਹੈ। ਜਿਸ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਯੂਸੁਫ ਉਹ ਹੀ ਅੱਤਵਾਦੀ ਹੈ ਜੋ ਕਸ਼ਮੀਰ ਦੇ ਖੂੰਖਾਰ ਅੱਤਵਾਦੀ ਅਤੇ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦਾ ਆਕਾ ਹੈ। ਓਧਰ ਯੂਸੁਫ ਦੇ ਅੱਤਵਾਦੀ ਸੰਗਠਨ ਨਾਲ ਜੁੜੇ ਹੋਣ ਤੋਂ ਬਾਅਦ ਜਿੱਥੇ ਉਹ ਕਿਰਾਏ ‘ਤੇ ਰਹਿ ਰਿਹਾ ਹੈ। ਉਥੇ ਦੇ ਲੋਕ ਸਹਿਮੇ ਹੋਏ ਹਨ। ਜਦ ਇਸ ਸਬੰਧੀ ਲੋਕਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਗੱਲ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ।
ਸਾਫ ਹੈ ਕਿ ਅੱਤਵਾਦੀਆਂ ਸਬੰਧੀ ਸਥਾਨਕ ਲੋਕ ਸਹਿਮੇ ਹੋਏ ਹਨ। ਹਾਲਾਂਕਿ ਕੁਝ ਨੌਜਵਾਨਾਂ ਨੇ ਆਪਣਾ ਨਾਂ ਨਾ ਉਜਾਗਰ ਕਰਦੇ ਹੋਏ ਇਹ ਜ਼ਰੂਰ ਕਿਹਾ ਕਿ ਯੂਸੁਫ ਇਲਾਕੇ ਦੇ ਲੋਕਾਂ ਨਾਲ ਕੋਈ ਗੱਲ ਨਹੀਂ ਕਰਦਾ ਸੀ। ਉਹ ਸਿਰਫ ਆਪਣੇ-ਆਪ ਨਾਲ ਮਤਲਬ ਰੱਖਦਾ ਸੀ। ਕਦੇ ਕਦੇ ਕੁਝ ਨੌਜਵਾਨ ਉਸਨੂੰ ਮਿਲਣ ਆਉਂਦੇ ਸਨ ਪਰ ਇਹ ਨਹੀਂ ਪਤਾ ਕਿ ਉਕਤ ਨੌਜਵਾਨ ਗ੍ਰਿਫਤਾਰ ਹੋਏ ਅੱਤਵਾਦੀਆਂ ਵਿਚੋਂ ਹੀ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਯੂਸੁਫ ਸਥਾਨਕ ਲੋਕਾਂ ਨਾਲ ਕੋਈ ਤਾਲਮੇਲ ਵੀ ਨਹੀਂ ਰੱਖਦਾ ਸੀ।

2017 ‘ਚ ਆਪਸੀ ਝਗੜੇ ਤੋਂ ਬਾਅਦ ਅਲਕਾਇਦਾ ਤੋਂ ਅਲੱਗ ਹੋ ਕੇ ਜੈਸ਼-ਏ-ਮੁਹੰਮਦ ਨਾਲ ਜੁੜਿਆ ਸੀ ਏ. ਜੀ. ਐੱਚ.
2017 ਤੋਂ ਪਹਿਲਾਂ ਅਨਸਾਰ ਗਜਵਤ-ਉਲ-ਹਿੰਦ (ਏ. ਜੀ. ਐੱਚ.) ਅੱਤਵਾਦੀ ਸੰਗਠਨ ਅਲਕਾਇਦਾ ਦੀ ਦੇਖ-ਰੇਖ ਵਿਚ ਚੱਲ ਰਿਹਾ ਸੀ। ਇਸ ਦੌਰਾਨ ਭਾਰਤੀ ਸੈਨਾ ਦੇ ਐਨਕਾਊਂਟਰ ਵਿਚ ਮਾਰੇ ਗਏ ਅਲਕਾਇਦਾ ਦੇ ਅੱਤਵਾਦੀਆਂ ਤੋਂ ਬਾਅਦ ਇਨ੍ਹਾਂ ਵਿਚ ਕਮਾਂਡਰ ਅਤੇ ਹੋਰ ਪੋਸਟ ਨੂੰ ਲੈ ਕੇ ਤਕਰਾਰ ਪੈਦਾ ਹੋ ਗਿਆ। ਇਕ ਪੱਖ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਜ਼ਾਕਿਰ ਮੂਸਾ ਨੂੰ ਆਪਣਾ ਕਮਾਂਡਰ ਘੋਸ਼ਿਤ ਕਰ ਦਿੱਤਾ, ਜਿਸ ਤੋਂ ਬਾਅਦ ਏ. ਜੀ. ਐੱਚ. ਨੂੰ ਅਲਕਾਇਦਾ ਤੋਂ ਅਲੱਗ ਕਰ ਲਿਆ ਗਿਆ ਅਤੇ 2017 ਤੋਂ ਬਾਅਦ ਇਸ ਸੰਗਠਨ ਨੂੰ ਜੈਸ਼-ਏ-ਮੁਹੰਮਦ ਵਿਚ ਮਿਲਾ ਲਿਆ ਗਿਆ। ਏ. ਜੀ. ਐੱਚ. ਅਤੇ ਇਕਯੁਸੀ ਅਜਿਹੇ ਸੰਗਠਨ ਹਨ ਜੋ ਮਦਰੱਸਿਆਂ ਦੇ ਟਾਪ ਵਿਦਿਆਰਥੀਆਂ ਨੂੰ ਆਪਣੇ ਸੰਗਠਨ ਨਾਲ ਜੋੜਦੇ ਹਨ। ਏ. ਜੀ. ਐੱਚ. ਦਾ ਫੇਸਬੁੱਕ ਪੇਜ ਵੀ ਬਣਿਆ ਹੈ, ਜਿਸ ਵਿਚ 266 ਨੌਜਵਾਨ ਮੈਂਬਰ ਬਣੇ ਹੋਏ ਹਨ। ਜਦਕਿ ਏ. ਜੀ. ਐੱਚ. ਦਾ ਆਪਣੀ ਵੈੱਬਸਾਈਟ ‘ਤੇ ਦਾਅਵਾ ਹੈ ਕਿ ਉਨ੍ਹਾਂ ਦੇ 4 ਹਜ਼ਾਰ ਦੇ ਕਰੀਬ ਮੈਂਬਰ ਹਨ।


LEAVE A REPLY