ਟਰੇਨਾਂ ਵਿੱਚ ਮਿਲੇਗਾ ਹਵਾਈ ਜਹਾਜ਼ਾਂ ਵਰਗਾ ਮਾਹੌਲ


ਲੁਧਿਆਣਾ – ਰੇਲਵੇ ਵਿਭਾਗ ਨੇ ਯਾਤਰੀਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੰਦੀਆਂ ਅਤੇ ਹੋਰਨਾਂ ਚੀਜ਼ਾਂ ’ਤੇ ਨਕੇਲ ਕੱਸਣ ਲਈ ਕੁੱਝ ਨਵੇਂ ਨਿਯਮ ਬਣਾਏ ਹਨ, ਜਿਨ੍ਹਾਂ ’ਤੇ ਅਮਲ ਹੋਣ ਤੋਂ ਬਾਅਦ ਲੋਕਾਂ ਨੂੰ ਹਵਾਈ ਯਾਤਰਾ ਦੌਰਾਨ ਮਿਲਣ ਵਾਲੀਆਂ ਸਹੂਲਤਾਂ ਦੀ ਤਰਜ਼ ’ਤੇ ਟਰੇਨਾਂ ਵਿਚ ਵੀ ਉਸੇ ਤਰ੍ਹਾਂ ਦਾ ਮਾਹੌਲ ਮਿਲੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਜਹਾਜ਼ਾਂ ਵਿਚ ਯਾਤਰਾ ਦੌਰਾਨ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਟਰੇਨਾਂ ਵਿਚ ਵੀ ਯਾਤਰੀਆਂ ਨੂੰ ਵੱਧ ਤੋਂ ਵੱਧ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇਸੇ ਕਡ਼ੀ ਤਹਿਤ ਹੁਣ ਰੇਲਵੇ ਦੇ ਕੈਟਰਿੰਗ ਮੁਲਾਜ਼ਮ ਵੀ ਹਵਾਈ ਜਹਾਜ਼ ਦੇ ਫਲਾਈਟ ਅਟੈਂਡੈਂਟ ਵਾਂਗ ਯਾਤਰਾ ਦੌਰਾਨ ਟਰੇਨਾਂ ਵਿਚ ਕਚਰਾ ਪੇਟੀ ਨਾਲ ਲੈ ਕੇ ਚੱਲਣਗੇ। ਸਾਰੇ ਟਰੇਨਾਂ ਦੇ ਡੱਬਿਆਂ ਵਿਚ ਯਾਤਰੀਆਂ ਵਲੋਂ ਖਾਣਾ ਖਾਣ ਤੋਂ ਬਾਅਦ ਸੁੱਟੀਆਂ ਗਈਆਂ ਝੂਠੀਆਂ ਡਿਸਪੋਜ਼ਲ ਪਲੇਟਾਂ, ਚਮਚ, ਗਲਾਸ ਅਤੇ ਹੋਰ ਗੰਦਗੀ ਨੂੰ ਸਾਫ ਕਰਨ ਲਈ ਇਹ ਨਿਯਮ ਬਣਾਇਆ ਗਿਆ ਹੈ । ਯਾਤਰੀਆਂ ਨੂੰ ਹਵਾਈ ਜਹਾਜ਼ ਦੀ ਯਾਤਰਾ ਦੌਰਾਨ ਮਿਲਣ ਵਾਲੀਆਂ ਖਾਣ ਤੋਂ ਲੈ ਕੇ ਵੈਕਿਊਮ ਟਾਇਲਟ ਆਦਿ ਤੱਕ ਦੀਆਂ ਸਹੂਲਤਾਂ ਨੂੰ ਟਰੇਨਾਂ ਵਿਚ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।

ਅਧਿਕਾਰੀਆਂ ਦੇ ਨਾਲ ਬੀਤੇ ਦਿਨੀਂ ਹੋਈ ਇਕ ਬੈਠਕ ਵਿਚ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਜਿਵੇਂ ਜਹਾਜ਼ ਵਿਚ ਸਾਫ-ਸਫਾਈ ਬਣਾਈ ਰੱਖਣ ਲਈ ਜੋ ਤੌਰ-ਤਰੀਕਾ ਅਪਣਾਇਆ ਜਾਂਦਾ ਹੈ, ਉਸੇ ਤਰ੍ਹਾਂ ਟਰੇਨ ਵਿਚ ਪੈਂਟਰੀ ਮੁਲਾਜ਼ਮ ਯਾਤਰੀਆਂ ਦੇ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਵਲੋਂ ਖਾਲੀ ਕੀਤੇ ਗਏ ਸਾਮਾਨ (ਕਚਰਾ) ਇਕ ਬੈਗ ਵਿਚ ਜਮ੍ਹਾ ਕਰਨ। ਸੂਤਰ ਦੱਸਦੇ ਹਨ ਕਿ ਯਾਤਰੀਆਂ ਵਲੋਂ ਟਰੇਨ ਵਿਚ ਖਾਣਾ ਖਾਣ ਤੋਂ ਬਾਅਦ ਖਾਲੀ ਕੀਤੇ ਗਏ ਡਿਸਪੋਜ਼ੇਬਲ ਸਾਮਾਨ ਅਤੇ ਜੂਠ ਸੀਟ ਦੇ ਥੱਲੇ ਰੱਖ ਦਿੰਦੇ ਹਨ, ਜਿਸ ਨੂੰ ਪੈਂਟਰੀ ਮੁਲਾਜ਼ਮ ਉਸ ਨੂੰ ਇਕ ਦੇ ਉੱਪਰ ਇਕ ਰੱਖ ਕੇ ਹਟਾਉਂਦੇ ਹਨ। ਇਸ ਪ੍ਰਕਿਰਿਆ ਵਿਚ ਕੁੱਝ ਕਚਰਾ ਡੱਬੇ ਦੇ ਫਰਸ਼ ’ਤੇ ਡਿੱਗ ਜਾਂਦਾ ਹੈ। ਇਸ ’ਤੇ ਰੋਕ ਲਾਉਣ ਲਈ ਨਵੀਂ ਪ੍ਰਣਾਲੀ ਤਹਿਤ ਪੈਂਟਰੀ ਮੁਲਾਜ਼ਮ ਜਹਾਜ਼ ਦੀ ਤਰ੍ਹਾਂ ਕੈਰੀ ਬੈਗ ਲੈ ਕੇ ਹਰ ਯਾਤਰੀ ਕੋਲ ਪੁੱਜਣਗੇ ਅਤੇ ਯਾਤਰੀ ਉਸ ਵਿਚ ਕਚਰਾ, ਪਲੇਟ ਜਾਂ ਹੋਰ ਚੀਜ਼ਾਂ ਨੂੰ ਪਾ ਦੇਣਗੇ। ਇਸ ਤਰ੍ਹਾਂ ਜਹਾਜ਼ ਵਾਂਗ ਟਰੇਨਾਂ ਵੀ ਯਾਤਰੀਆਂ ਦੀ ਅਗਲੀ ਯਾਤਰਾ ਲਈ ਤਿਆਰ ਅਤੇ ਸਾਫ ਰਹਿਣਗੀਆਂ।

ਸਟੇਸ਼ਨਾਂ ’ਤੇ ਪਾਲੀਥੀਨ ਅਤੇ ਪਲਾਸਟਿਕ ’ਤੇ ਲਾਈ ਪਾਬੰਦੀ
ਉੱਤਰੀ ਰੇਲਵੇ ਦੇ ਕਰਮਚਾਰੀਆਂ ਵਲੋਂ ਰੇਲਵੇ ਸਟੇਸ਼ਨਾਂ ’ਤੇ ਪਲਾਸਟਿਕ ਅਤੇ ਪਾਲੀਥੀਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਰੇਲ ਮੁਲਾਜ਼ਮ, ਸਟਾਲਧਾਰਕ ਜਾਂ ਕੈਟਰਿੰਗ ਵਿਚ ਪਾਲੀਥੀਨ ਜਾਂ ਪਲਾਸਟਿਕ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਜੁਰਮਾਨਾ ਵਸੂਲਣ ਦੇ ਨਾਲ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਰੇਲਵੇ ਮੁੱਖ ਦਫਤਰ ਤੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਰੇਲਵੇ ਸਟੇਸ਼ਨ ਜਾਂ ਕੰਪਲੈਕਸ ਵਿਚ ਪਾਲੀਥੀਨ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਸਟੇਸ਼ਨਾਂ ’ਤੇ ਸਥਿਤ ਕੈਟਰਿੰਗ ਅਤੇ ਸਟਾਲ ’ਤੇ ਪਾਲੀਥੀਨ ਜਾਂ ਪਲਾਸਟਿਕ ਦੀ ਵਰਤੋਂ ਪਾਬੰਦੀਸ਼ੁਦਾ ਰਹੇਗੀ। ਰੇਲਵੇ ਪ੍ਰਸ਼ਾਸਨ ਨੇ ਇਹ ਕਦਮ ਯਾਤਰੀਆਂ ਦੀ ਸਿਹਤ ਅਤੇ ਵਾਤਾਵਰਣ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਸਾਫ-ਸਫਾਈ ਬਣਾਈ ਰੱਖਣ ਲਈ ਚੁੱਕਿਆ ਹੈ।

ਹੁਣ ਸਟੇਸ਼ਨਾਂ ’ਤੇ ਮਿਲੇਗਾ ਕਾਗਜ਼ ਦੇ ਲਿਫਾਫਿਆਂ ’ਚ ਸਾਮਾਨ
ਸਟੇਸ਼ਨਾਂ ’ਤੇ ਪਲਾਸਟਿਕ ਅਤੇ ਪਾਲੀਥੀਨ ’ਤੇ ਪਾਬੰਦੀ ਤੋਂ ਬਾਅਦ ਹੁਣ ਯਾਤਰਆਂ ਨੂੰ ਰੇਲਵੇ ਵਲੋਂ ਮਾਨਤਾ ਪ੍ਰਾਪਤ ਭਾਂਡਿਆਂ ਵਿਚ ਹੀ ਚਾਹ, ਖਾਣਾ ਆਦਿ ਦਿੱਤਾ ਜਾਵੇਗਾ। ਉਨ੍ਹਾਂ ਨੂੰ ਖਾਣ-ਪੀਣ ਦਾ ਸਾਮਾਨ ਫਲ ਆਦਿ ਕਾਗਜ਼ ਦੇ ਲਿਫਾਫਿਆਂ ਵਿਚ ਦਿੱਤੇ ਜਾਣਗੇ।


LEAVE A REPLY