‘ਸਰਦਾਰ ਮੁਹੰਮਦ’ ਤੁਹਾਡੀਆਂ ਧਾਰਮਿਕ ਭਾਵਨਾਵਾਂ ਤੇ ਡੂੰਘਾ ਅਸਰ ਛੱਡੇਗੀ, ਫਿਲਮ 3 ਨਵੰਬਰ 2017 ਨੂੰ ਹੋਵੇਗੀ ਰਿਲੀਜ਼


ਲੁਧਿਆਣਾ– ਆਪਣੇ ਦੇਸ਼ ਵਿੱਚ ਧਰਮ ਹਮੇਸ਼ਾ ਤੋਂ ਹੀ ਚਰਚਾ ਦਾ ਵਿਸ਼ਾ ਰਿਹਾ ਹੈ। ਧਰਮ ਨੂੰ ਲੈ ਕੇ ਲੜਾਈਆਂ ਤੋਂ ਲੈ ਕੇ ਧਰਮ ਦੇ ਲਈ ਇੱਕਠੇ ਹੋਣਾ, ਅਸੀਂ ਇਹ ਸੱਭ ਦੇਖਿਆ ਹੈ। ਜਦੋਂ ਵੀ ਧਰਮ ਉੱਤੇ ਕੋਈ ਫਿਲਮ ਬਣਦੀ ਹੈ ਤਾਂ ਉਹ ਸਮਾਜ ਦੀਆਂ ਅੱਖਾਂ ਖੋਲਣ ਲਈ ਬਹੁਤ ਵੱਡਾ ਕਿਰਦਾਰ ਨਿਭਾਉਂਦੀ ਹੈ ਅਤੇ ਲੋਕਾਂ ਦੇ ਦਿਲ ਤੇ ਬੜੀ ਆਸਾਨੀ ਨਾਲ ਛਾ ਜਾਂਦੀ ਹੈ। ‘ਰੱਬ ਦਾ ਰੇਡੀਓ’ ਦੀ ਅਪਾਰ ਸਫਲਤਾ ਤੋਂ ਬਾਅਦ ਤਰਸੇਮ ਜੱਸੜ ਅਤੇ ਟੀਮ ਇੱਕ ਵਾਰ ਫਿਰ ਆ ਰਹੇ ਹਨ ਦਿਲ ਨੂੰ ਛੂ ਜਾਣ ਵਾਲੀ ਫਿਲਮ ‘ਸਰਦਾਰ ਮੁਹੰਮਦ’ ਲੈ ਕੇ। ਇਹ ਕਹਾਣੀ ਉਸ ਆਦਮੀ ਦੇ ਬਾਰੇ ਹੈ ਜੋ ਭਿੰਨਤਾ ਵਿੱਚ ਏਕਤਾ ਵਿੱਚ ਵਿਸ਼ਵਾਸ ਰੱਖਦਾ ਹੈ। ਇਹ ਫਿਲਮ ਸੱਚੀ ਘਟਨਾਵਾਂ ਤੇ ਅਧਾਰਿਤ ਹੈ।

ਤਰਸੇਮ ਜੱਸੜ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਹਨ ਅਤੇ ਇਹ ਹੀ ਨਹੀਂ ਫਿਲਮ ਦੀ ਪੂਰੀ ਕਹਾਣੀ, ਸਕ੍ਰੀਨਪਲੇ ਅਤੇ ਡਾਇਲਾਗ ਵੀ ਪ੍ਰਤਿਭਾਸ਼ਾਲੀ ਤਰਸੇਮ ਜੱਸੜ ਵਲੋਂ ਲਿਖੇ ਗਏ ਹਨ। ਉਨ੍ਹਾਂ ਦੀਆਂ ਵਿਲੱਖਣਤਾ ਫਿਲਮ ਵਿੱਚ ਦਿਖਾਈ ਦੇਵੇਗੀ, ਜੋ ਕਿ ਫਿਲਮ ਵਿੱਚ ਚਾਰ ਚੰਨ ਲਗਾ ਦੇਵੇਗੀ। ਫਿਲਮ ਵਿੱਚ ਫੀਮੇਲ ਲੀਡ ਵਿੱਚ ਮੈਂਡੀ ਤੱਖਰ ਨਜ਼ਰ ਆਉਣਗੀ। ਬਾਕੀ ਦੀ ਸਟਾਰ ਕਾਸਟ ਵਿੱਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਨੀਤਾ ਮੋਹਿੰਦਰਾ, ਰਾਹੁਲ ਜੰਗਰਾਲ, ਮਨਜੀਤ ਸਿੰਘ, ਹਰਸ਼ਜੋਤ ਕੌਰ ਅਤੇ ਨੀਤੂ ਪੰਧੇਰ ਸ਼ਾਮਿਲ ਹਨ। ਫਿਲਮ ਦਾ ਨਿਰਦੇਸ਼ਨ ਕੀਤਾ ਹੈ ਹੈਰੀ ਭੱਟੀ ਨੇ। ਫਿਲਮ ਦੇ ਗੀਤ ਸ਼ਾਨਦਾਰ ਤਰੀਕੇ ਨਾਲ ਗਾਏ ਹਨ ਤਰਸੇਮ ਜੱਸੜ ਅਤੇ ਕੁਲਬੀਰ ਝਿੰਜਰ ਨੇ। ਸੰਗੀਤ ਦਿੱਤਾ ਹੈ ਆਰ. ਗੁਰੂ ਨੇ। ਗੀਤ ਲਿਖੇ ਹਨ ਤਰਸੇਮ ਜੱਸੜ , ਕੁਲਬੀਰ ਝਿੰਜਰ ਅਤੇ ਨਰਿੰਦਰ ਬਾਠ ਨੇ। ਫਿਲਮ ਦਾ ਟ੍ਰੇਲਰ ਅਤੇ ਸਾਰੇ ਗੀਤ ਯੂਟਿਊਬ ਤੇ ਵਾਈਟ ਹਿੱਲ ਮਿਊਜ਼ਿਕ ਚੈਨਲ ਤੇ ਉਪਲੱਭਧ ਹੋਣਗੇ।

ਤਰਸੇਮ ਜੱਸੜ ਨੇ ਕਿਹਾ, “ਸਰਦਾਰ ਮੁਹੰਮਦ ਲਈ ਸ਼ੂਟਿੰਗ ਕਰਨਾ ਇੱਕ ਮਜ਼ੇਦਾਰ ਅਨੁਭਵ ਸੀ। ਮੈਨੂੰ ਲੱਗਦਾ ਹੈ ਇਹ ਫਿਲਮ ਧਰਮ ਦੀਆਂ ਸਾਰੀਆਂ ਬੰਦਿਸ਼ਾਂ ਨੂੰ ਤੋੜ ਦੇਵੇਗੀ ਅਤੇ ਲੋਕਾਂ ਨੂੰ ਪਿਆਰ ਦੀ ਨਵੀਂ ਪਰਿਭਾਸ਼ਾ ਦੇਵੇਗੀ। ਮੈਂ ਘਬਰਾਇਆ ਹੋਇਆ ਹਾਂ ਲੇਕਿਨ ਸਰਦਾਰ ਮੁਹੰਮਦ ਲਈ ਬਹੁਤ ਉਤਸਾਹਿਤ ਵੀ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ੱਕਾਂ ਨੇ ਜਿਵੇਂ ਮੇਰੀ ਪਹਿਲੀ ਫਿਲਮ ਨੂੰ ਪਿਆਰ ਦਿੱਤਾ, ਉਸੇ ਤਰ੍ਹਾਂ ਇਸ ਫ਼ਿਲਮ ਨੂੰ ਵੀ ਪਿਆਰ ਦੇਣਗੇ।”
ਨਿਰਮਾਤਾ ਮਨਪ੍ਰੀਤ ਜੌਹਲ ਨੇ ਕਿਹਾ, “ਅਸੀਂ ਇਸ ਫਿਲਮ ਲਈ ਬਹੁਤ ਆਸ਼ਾਵਾਦੀ ਹਾਂ। ਮੈਂ ਅਤੇ ਮੇਰੀ ਟੀਮ ਕੁਝ ਅਲੱਗ ਤਰ੍ਹਾਂ ਦੀਆਂ ਫ਼ਿਲਮਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਸਾਨੂੰ ਆਮ ਇੰਟਰਟੇਨਮੈਂਟ ਇੰਡਸਟਰੀ ਤੋਂ ਅਲੱਗ ਬਣਾਉਦਾ ਹੈ। ‘ਸਰਦਾਰ ਮੁਹੰਮਦ’ ਲੋਕਾਂ ਉੱਤੇ ਇੱਕ ਸਾਕਾਰਤਮਕ ਅਸਰ ਛੱਡੇਗੀ ਅਤੇ ਮੈਂ ਉਮੀਦ ਕਰਦਾ ਹਾਂ ਕਿ ਤਰਸੇਮ ਜੱਸੜ ਦਾ ਵਿਲੱਖਣਤਾ ਭਰਿਆ ਕੰਮ ਸੱਭ ਨੂੰ ਪਸੰਦ ਆਵੇਗਾ।”

ਨਿਰਦੇਸ਼ਕ ਹੈਰੀ ਭੱਟੀ ਨੇ ਕਿਹਾ, “ਸਾਡੀ ਪਹਿਲੀ ਫਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਟੀਮ ਨਾਲ ਦੋਬਾਰਾ ਕੰਮ ਕਰਨਾ ਸੱਚ ਵਿੱਚ ਮੇਰੇ ਲਈ ਇੱਕ ਸ਼ਾਨਦਾਰ ਅਨੁਭਵ ਰਿਹਾ। ਸੈੱਟ ਉੱਤੇ ਮਾਹੌਲ ਬਹੁਤ ਵਧੀਆ ਸੀ ਅਤੇ ਅਸੀਂ ‘ਸਰਦਾਰ ਮੁਹੰਮਦ’ ਨੂੰ ਫਿਲਮਾਉਂਦੇ ਹੋਏ ਬਹੁਤ ਮਜ਼ਾ ਕੀਤਾ। ਮੈਨੂੰ ਵਿਸ਼ਵਾਸ ਹੈ ਕਿ ਲੋਕ ਤਰਸੇਮ ਦੀ ਕਲਾ ਅਤੇ ਕਹਾਣੀ ਨੂੰ ਬਹੁਤ ਪਿਆਰ ਦੇਣਗੇ।” ਇਹ ਫਿਲਮ ਭਾਰਤ ਵਿੱਚ ਮੁਨੀਸ਼ ਸਾਹਨੀ ਦੀ ਕੰਪਨੀ ‘ਓਮਜੀ ਗਰੁੱਪ’ ਅਤੇ ਵਿਦੇਸ਼ਾਂ ਵਿੱਚ ਵਾਈਟ ਹਿੱਲ ਸਟੂਡੀਓਸ ਵਲੋਂ ਵਿਤਰਿਤ ਕੀਤੀ ਜਾਵੇਗੀ। ਫਿਲਮ ਦਾ ਨਿਰਮਾਣ ਕੀਤਾ ਹੈ ਮਨਪ੍ਰੀਤ ਜੌਹਲ ਅਤੇ ਵਿਹਲੀ ਜਨਤਾ ਪ੍ਰੋਡਕਸ਼ਨ ਵਲੋਂ। ਫਿਲਮ 3 ਨਵੰਬਰ 2017 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋਵੇਗੀ।


LEAVE A REPLY