ਆਜ਼ਾਦੀ ਦਿਹਾੜੇ ਮੌਕ ਕੈਪਟਨ ਸਰਕਾਰ ਦੇਵੇਗੀ ਕਿਸਾਨਾਂ ਨੂੰ ਵਿਸ਼ੇਸ਼ ਤੋਹਫ਼ਾ


ਸੂਬਾ ਸਰਕਾਰ ਨੇ 10 ਦਿਨਾਂ ਅੰਦਰ ਫ਼ਸਲੀ ਕਰਜ਼ਾ ਮੁਆਫੀ ਦਾ ਦੂਜੇ ਪੜਾਅ ਸ਼ੁਰੂ ਕਰਨ ਦੀ ਤਿਆਰੀ ਕੱਸ ਲਈ ਹੈ। ਇਸ ਪੜਾਅ ਵਿੱਚ ਪੰਜਾਬ ਅੰਦਰ ਚੱਲ ਰਹੇ ਕਮਰਸ਼ੀਅਲ ਬੈਂਕਾਂ ਤੋਂ ਲਏ ਛੋਟੇ ਕਿਸਾਨਾਂ ਦੇ ਫ਼ਸਲੀ ਕਰਜ਼ੇ ਮੁਆਫ ਕੀਤੇ ਜਾਣਗੇ। ਕਰਜ਼ ਮੁਆਫੀ ਦਾ ਇਹ ਗੇੜ 15 ਅਗਸਤ ਦੇ ਆਸਪਾਸ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਸਬੰਧੀ ਨਿੱਜੀ ਤੇ ਕੌਮੀ ਬੈਂਕਾਂ ਨੇ ਸਰਕਾਰ ਨੂੰ ਕਰੀਬ 4.53 ਲੱਖ ਕਿਸਾਨਾਂ ਦਾ ਡੇਟਾਬੇਸ ਸੌਂਪਿਆ ਹੈ ਜਿਨ੍ਹਾਂ ਨੇ 2 ਲੱਖ ਰੁਪਏ ਤਕ ਦਾ ਫ਼ਸਲੀ ਕਰਜ਼ ਲਿਆ ਹੈ। ਇਨ੍ਹਾਂ ਵਿੱਚੋਂ 1.87 ਲੱਖ ਕਿਸਾਨਾਂ ਨੇ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲਿਆ। ਕਰਜ਼ਾ ਮੁਆਫੀ ਪ੍ਰਕਿਰਿਆ ਦੌਰਾਨ ਇਨ੍ਹਾਂ ਦੀ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ। ਇਹ ਪੁਸ਼ਟੀ ਮਾਲੀਆ ਵਿਭਾਗ ਵੱਲੋਂ ਕੀਤੀ ਗਈ, ਜਿਸ ਵਿੱਚ ਛੋਟੇ (5 ਏਕੜ ਤੋਂ ਘੱਟ ਜ਼ਮੀਨ) ਤੇ ਸੀਮਾਂਤ (2.5 ਏਕੜ ਤੋਂ ਘੱਟ ਜ਼ਮੀਨ) ਕਿਸਾਨਾਂ ਦਾ ਵਰਗੀਕਰਣ ਕੀਤਾ ਗਿਆ ਹੈ।

ਵਿਕਾਸ ਦੇ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਨੇ ਮੀਡੀਆ ਨੂੰ ਦੱਸਿਆ ਕਿ ਸਕੀਮ ਦਾ ਪਹਿਲਾ ਗੇੜ ਸਫਲਤਾਪੂਰਵਕ ਲਾਗੂ ਕੀਤਾ ਗਿਆ ਸੀ ਜਿਸ ਵਿੱਚ ਸਰਕਾਰ ਨੇ 3 ਲੱਖ ਸੀਮਾਂਤ ਕਿਸਾਨਾਂ ਦੇ ਫ਼ਸਲੀ ਕਰਜ਼ੇ ਦੀ ਅਦਾਇਗੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਹਿਕਾਰੀ ਬੈਂਕਾਂ ਤੋਂ ਲਏ ਸੀਮਾਂਤ ਕਿਸਾਨਾਂ ਦੇ ਲਗਪਗ 1,750 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਹੁਣ ਦੂਜੇ ਗੇੜ ਵਿੱਚ ਪਹਿਲਾਂ ਕੌਮੀ ਤੇ ਨਿੱਜੀ ਬੈਂਕਾਂ ਤੋਂ ਸੀਮਾਂਤ ਕਿਸਾਨਾਂ ਵੱਲੋਂ ਲਏ ਕਰਜ਼ੇ ਦੀ ਅਦਾਇਗੀ ਕੀਤੀ ਜਾਏਗੀ। ਇਸ ਸਬੰਧੀ ਮੁੜ ਅਦਾਇਗੀ ਲਈ ਬਣਦੀ ਰਕਮ ਦਾ ਪ੍ਰਬੰਧ ਕਰ ਲਿਆ ਗਿਆ ਹੈ। ਜਦੋਂ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਖ਼ਤਮ ਹੋ ਜਾਏਗੀ ਤਾਂ ਕਰਜ਼ਾ ਮੁਆਫੀ ਦਾ ਇਹ ਗੇੜ ਸ਼ੁਰੂ ਕਰ ਦਿੱਤਾ ਜਾਏਗਾ।


LEAVE A REPLY