ਸਰਪੰਚੀ ਦੀ ਚੋਣ ਵਿੱਚ ਇੱਕ ਸਾਧਾਰਨ ਕਿਸਾਨ ਨੇ ਬਾਦਲ ਦੇ ਪੋਤੇ ਨੂੰ ਹਰਾਇਆ


small farmer beats former CM parkash singh badals relative in panchayat election

ਬਾਦਲ ਪਿੰਡ ਦੇ ਸਾਧਾਰਨ ਕਿਸਾਨ ਨੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਵਿੱਚ ਹੀ ਰਿਸ਼ਤੇ ਵਿੱਚੋਂ ਉਨ੍ਹਾਂ ਦੇ ਪੋਤਰੇ ਨੂੰ ਸਰਪੰਚੀ ਦੀ ਚੋਣ ਵਿੱਚ ਹਰਾ ਦਿੱਤਾ। ਜ਼ਬਰਜੰਗ ਸਿੰਘ ਬਰਾੜ ਉਰਫ਼ ਮੁੱਖਾ ਨੇ ਉਦੈਵੀਰ ਸਿੰਘ ਢਿੱਲੋਂ ਨੂੰ 376 ਵੋਟਾਂ ਨਾਲ ਮਾਤ ਦੇ ਕੇ ਸਰਪੰਚੀ ਜਿੱਤੀ। ਬੇਸ਼ੱਕ ਕਾਂਗਰਸ ਨੇ ਸਰਪੰਚੀ ਜਿੱਤ ਲਈ ਹੈ ਪਰ 10 ਮੈਂਬਰੀ ਪੰਚਾਇਤ ਵਿੱਚ ਪੰਜ ਅਕਾਲੀ ਪੰਚਾਂ ਨੇ ਵੀ ਆਪਣੀ ਥਾਂ ਬਣਾ ਲਈ ਹੈ।

ਪਿੰਡ ਬਾਦਲ ਦੀ ਪੰਚਾਇਤ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਹੱਥੋਂ ਨਾਮੋਸ਼ੀਜਨਕ ਹਾਰ ਦੇਣ ਵਾਲਾ ਕੋਈ ਧਨਾਢ ਜਾਂ ਰਸੂਖਵਾਨ ਨਹੀਂ ਬਲਕਿ, ਸਾਢੇ ਤਿੰਨ ਏਕੜ ਜ਼ਮੀਨ ਦੇ ਮਾਲਕ ਤੇ ਨਿਮਨ ਕਿਸਾਨ ਜ਼ਬਰਜੰਗ ਸਿੰਘ ਹੈ। ਉਦੈਵੀਰ, ਮਰਹੂਮ ਨੰਬਰਦਾਰ ਮਹਿੰਦਰ ਸਿੰਘ ਢਿੱਲੋਂ ਦਾ ਪੋਤਰਾ ਹੈ ਤੇ ਵੱਡਾ ਸਰਮਾਏਦਾਰ ਅਤੇ ਦਿੱਲੀ ਤੋਂ ਬੀ.ਕਾਮ. ਪਾਸ ਹੈ, ਜਦਕਿ ਮੁੱਖਾ ਬਾਰਵ੍ਹੀਂ ਪਾਸ ਹੈ ਤੇ ਤਿੰਨ ਧੀਆਂ ਦਾ ਪਿਤਾ ਹੈ।

ਜ਼ਬਰਜੰਗ ਸਿੰਘ ਨੂੰ ਕਾਂਗਰਸੀ ਲੀਡਰ ਮਹੇਸ਼ਇੰਦਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਦੀ ਹਮਾਇਤ ਹਾਸਲ ਹੈ। ਉਸ ਦੀ ਜਿੱਤ ਦਾ ਵੱਡਾ ਕਾਰਨ ਲੋਕਾਂ ਨਾਲ ਜ਼ਮੀਨੀ ਪੱਧਰ ਤੇ ਤਾਲਮੇਲ ਦੱਸਿਆ ਜਾ ਰਿਹਾ ਹੈ। ਉਦੈਵੀਰ ਦੀ ਹਾਰ ਦਾ ਵੱਡਾ ਕਾਰਨ ਉਸ ਦਾ ਜ਼ਿਆਦਾਤਰ ਪਿੰਡ ਤੋਂ ਬਾਹਰ ਰਹਿਣਾ ਦੱਸਿਆ ਜਾ ਰਿਹਾ ਹੈ।

ਪਿੰਡ ਬਾਦਲ ਚ ਕੁੱਲ 2,919 ਵੋਟਰ ਹਨ। ਵੇਰਵਿਆਂ ਮੁਤਾਬਕ ਪਿੰਡ ਬਾਦਲ ਦੇ ਨੌਂ ਵਾਰਡਾਂ ਵਿੱਚੋਂ ਚਾਰ ਕਾਂਗਰਸੀ ਪੰਚ, ਤਿੰਨ ਅਕਾਲੀ ਦਲ ਦੇ ਪੰਚ ਜੇਤੂ ਰਹੇ ਹਨ। ਜਦਕਿ ਦੋ ਵਾਰਡਾਂ ਚ ਅਕਾਲੀ ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਕਾਂਗਰਸੀ ਸਰਪੰਚ ਹੋਣ ਦੇ ਨਾਲ ਦੋਵੇਂ ਪਾਰਟੀਆਂ ਦੇ ਪੰਜ-ਪੰਜ ਨੁਮਾਇੰਦੇ ਪਿੰਡ ਦੀ ਪੰਚਾਇਤ ਚਲਾਉਣਗੇ। ਇਸ ਵਿੱਚ ਉਹ ਕਿੰਨੇ ਸਫਲ ਹੁੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਪੰਚਾਇਤ ਦਾ ਮੌਜੂਦਾ ਸਮੀਕਰਨ ਮਤੇ ਅੜਾਉਣ ਵਾਲਾ ਬਣ ਗਿਆ ਹੈ।


LEAVE A REPLY