MP ਤੋਂ 3 ਕੁਇੰਟਲ ਚੂਰਾ-ਪੋਸਤ ਟਰੈਕਟਰ-ਟਰਾਲੀ ਵਿੱਚ ਲੁਕੋ ਕੇ ਲਿਆ ਰਿਹਾ ਸਮੱਗਲਰ ਗ੍ਰਿਫਤਾਰ


ਲੁਧਿਆਣਾ – ਜਲਦ ਅਮੀਰ ਬਣਨ ਦੇ ਚੱਕਰ ਵਿਚ ਇਕ ਵਿਅਕਤੀ ਮੱਧ ਪ੍ਰਦੇਸ਼ (ਐੱਮ. ਪੀ.) ਤੋਂ ਟਰੈਕਟਰ-ਟਰਾਲੀ ’ਚ ਲੁਕੋ ਕੇ ਚੂਰਾ-ਪੋਸਤ ਲਿਆਉਣ ਲੱਗ ਪਿਆ, ਜਿਸ ਨੂੰ ਸੋਮਵਾਰ ਨੂੰ ਥਾਣਾ ਡੇਹਲੋਂ ਦੀ ਪੁਲਸ ਨੇ ਸੂਚਨਾ ਦੇ ਅਧਾਰ ’ਤੇ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ। ਉਸ ਕੋਲੋਂ 3 ਕੁਇੰਟਲ ਚੂਰਾ-ਪੋਸਤ ਬਰਾਮਦ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ. ਸੰਦੀਪ ਸ਼ਰਮਾ ਅਤੇ ਏ. ਸੀ.ਪੀ. ਰਮਨਦੀਪ ਸਿੰਘ ਭੁੱਲਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫਡ਼ੇ ਗਏ ਸਮੱਗਲਰ ਦੀ ਪਛਾਣ ਸ਼ਾਮ ਸੁੰਦਰ (30) ਨਿਵਾਸੀ ਅਗਰ ਨਗਰ ਦੇ ਰੂਪ ਵਿਚ ਹੋਈ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਪਿਛਲੇ 2 ਮਹੀਨਿਆਂ ਤੋਂ ਨਸ਼ਾ ਸਮੱਗਲਿੰਗ ਕਰ ਰਿਹਾ ਸੀ। ਪੁਲਸ ਤੋਂ ਬਚਣ ਲਈ ਉਸ ਨੇ ਟਰਾਲੀ ’ਚ ਬਾਕਸ ਬਣਾ ਰੱਖੇ ਸਨ, ਜਿਨ੍ਹਾਂ ਦੇ ਉੱਪਰ ਲੋਹੇ ਦੀ ਸ਼ੀਟ ਵਿਛਾਈ ਹੋਈ ਸੀ, ਤਾਂ ਕਿ ਜੇਕਰ ਪੁਲਸ ਚੈਕਿੰਗ ਕਰੇ ਤਾਂ ਕੁੱਝ ਪਤਾ ਨਾ ਲੱਗ ਸਕੇ। ਪੁਲਸ ਦੋਸ਼ੀ ਨੂੰ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਵੇਗੀ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੂੰ ਹਰੇਕ ਚੱਕਰ ਦੇ 10 ਹਜ਼ਾਰ ਰੁਪਏ ਮਿਲਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਕਿਸ ਤੋਂ ਨਸ਼ਾ ਖਰੀਦ ਕੇ ਲਿਆਉਂਦਾ ਸੀ ਅਤੇ ਕਿਸ ਨੂੰ ਵੇਚਦਾ ਸੀ, ਇਸ ਦਾ ਪਤਾ ਲਾਇਆ ਜਾਵੇਗਾ।


LEAVE A REPLY