ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆਵਾਂ ਦਾ ਦਿਲ ਵਿੱਚੋਂ ਡਰ ਕੱਢਣ ਲਈ ਸੈਮੀਨਾਰਾਂ ਦੀ ਲੜੀ ਸ਼ੁਰੂ


pseb exam

ਜਗਰਾਓ/ਲੁਧਿਆਣਾ – ਜਿਸ ਵੇਲੇ ਸਲਾਨਾ ਪ੍ਰੀਖਿਆਵਾਂ ਹੁੰਦੀਆਂ ਹਨ ਤਾਂ ਵਿਦਿਆਰਥੀ ਅਕਸਰ ਮਾਨਸਿਕ ਤਣਾਓ ਵਿੱਚ ਆ ਜਾਂਦੇ ਹਨ, ਜਿਸ ਕਰਕੇ ਉਹ ਪ੍ਰੀਖਿਆਵਾਂ ਨੂੰ ਬੋਝ ਸਮਝਣ ਲੱਗ ਜਾਂਦੇ ਹਨ। ਜਦੋਂ ਕਿ ਪ੍ਰੀਖਿਆਵਾਂ ਸਿੱਖਿਆ ਦੇ ਪਾਠਕ੍ਰਮ ਦਾ ਇੱਕ ਮਹਤੱਵਪੂਰਨ ਹਿੱਸਾ ਹੁੰਦੀਆਂ ਹਨ।

ਇਹ ਵਿਚਾਰ ਡਿਪਟੀ ਡੀ.ਪੀ.ਆਈ ਸ਼੍ਰੀ ਸੁਭਾਸ਼ ਮਹਾਜਨ ਸਿੱਖਿਆ ਵਿਭਾਗ ਸਕੂਲਜ਼ ਪੰਜਾਬ ਚੰਡੀਗੜ੍ਹ ਨੇ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ (ਲੜਕੇ) ਵਿਖੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ਼੍ਰੀ ਮਹਾਜਨ ਨੇ ਅੱਗੇ ਕਿਹਾ ਕਿ ਕਿਸੇ ਵੀ ਪ੍ਰੀਖਿਆ ਨੂੰ ਡਰ ਦੇ ਤੌਰ ਤੇ ਲੈਣ ਦੀ ਬਜਾਏ ਆਮ ਪ੍ਰੀਖਿਆ ਦੀ ਤਰ੍ਹਾਂ ਹੀ ਮੰਨ ਕੇ ਤਿਆਰੀ ਕੀਤੀ ਜਾਵੇ ਕਿਉਂਕਿ ਸ਼ਾਂਤ ਮਨ ਨਾਲ ਕੀਤੀ ਤਿਆਰੀ ਪ੍ਰੀਖਿਆ ਵਿੱਚ ਸਫਲਤਾ ਦਿਵਾਉਣ ਲਈ ਸਹਾਈ ਹੁੰਦੀ ਹੈ।

ਇਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਵਿੱਚ ਪ੍ਰੀਖਿਆਵਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਡਰ ਪੈਦਾ ਕਰਨ ਦੀ ਥਾਂ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਉਪਰ ਜ਼ੋਰ ਦੇਣ। ਉਨ੍ਹਾਂ ਅੱਗ ਕਿਹਾ ਕਿ ਬਹੁਤ ਵਾਰੀ ਵਿਦਿਆਰਥੀ ਸਲਾਨਾ ਪ੍ਰੀਖਿਆਵਾਂ ਵਿੱਚ ਫੇਲ੍ਹ ਹੋ ਜਾਣ ਦੇ ਡਰ ਨੂੰ ਲੈ ਕੇ ਜਾਂ ਫੇਲ੍ਹ ਹੋ ਜਾਣ ਤੇ ਖੁਦਕੁਸ਼ੀ ਕਰ ਲੈਣ ਨੂੰ ਤਿਆਰ ਹੋ ਜਾਂਦੇ ਹਨ ਜੋ ਕਿ ਸਾਡੇ ਸਮਾਜ ਦੇ ਮੱਥੇ ਉਪਰ ਕਲੰਕ ਹੈ। ਇਸ ਲਈ ਜਿਹੜੇ ਵਿਦਿਆਰਥੀ ਪ੍ਰੀਖਿਆਵਾਂ ਨੂੰ ਵੱਡਾ ਡਰ ਮੰਨਦੇ ਹਨ, ਦੇ ਦਿਲਾਂ ਵਿੱਚੋਂ ਡਰ ਕੱਢਣ ਲਈ ਅਧਿਆਪਕਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਕਦੀ ਵੀ ਕਿਸੇ ਵਿਦਿਆਰਥੀ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਤੂੰ ਪਾਸ ਨਹੀਂ ਹੋ ਸਕਦਾ ਜਦੋਂਕਿ ਅਧਿਆਪਕ ਨੇ ਹੀ ਵਿਦਿਆਰਥੀ ਨੂੰ ਪਾਸ ਹੋਣ ਦੀਆਂ ਪੜ੍ਹਨ ਤਕਨੀਕਾਂ ਤੋਂ ਜਾਣੂੰ ਕਰਵਾਉਣਾ ਹੁੰਦਾ ਹੈ।

ਇਸ ਮੌਕੇ ਉਹਨਾਂ ਕਮਜ਼ੋਰ ਵਿਦਿਆਥੀਆਂ ਨੂੰ ਪਾਸ ਹੋਣ, ਦੂਜਾ ਦਰਜਾ ਪ੍ਰਾਪਤ ਕਰਨ ਵਾਲਿਆਂ ਨੂੰ ਪਹਿਲਾ ਸਥਾਨ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਉੱਤਮ ਦਰਜੇ ਵਿੱਚ ਪਾਸ ਅਤੇ ਮੈਰਿਟ ਸੂਚੀ ਵਿੱਚ ਆਉਣ ਦੇ ਨੁਕਤਿਆਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਗੁਰਸ਼ਰਨ ਕੌਰ, ਜ਼ਿਲ੍ਹਾ ਗਾਈਡੈਂਸ ਕੌਂਸਲਰ ਗੁਰਕ੍ਰਿਪਾਲ ਸਿੰਘ, ਅਧਿਆਪਕ ਆਗੂ ਦੀਪਿੰਦਰ ਪਾਲ ਸਿੰਘ ਸੋਢੀ ਅਤੇ ਰਾਮ ਕੁਮਾਰ ਨੇ ਵੀ ਸੰਬੋਧਨ ਕੀਤਾ।


LEAVE A REPLY