ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਲੀਡਰ ਸੁਖਪਾਲ ਖਹਿਰਾ ਨੇ ਐਲਾਨੀ ਨਵੀਂ ਪਾਰਟੀ, ਪੰਜਾਬੀਆਂ ਨਾਲ ਕੀਤੇ ਵੱਡੇ ਵਾਅਦੇ


sukhpal khehra announce new party called punjabi ekta party

ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਲੀਡਰ ਸੁਖਪਾਲ ਖਹਿਰਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਇਸ ਪਾਰਟੀ ਦਾ ਨਾਂ ‘ਪੰਜਾਬੀ ਏਕਤਾ ਪਾਰਟੀ’ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਛੇ ਵਿਧਾਇਕ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ, ਜੱਗਾ ਇਸੋਵਾਲ, ਜਗਦੇਵ ਸਿੰਘ ਕਮਾਲੂ ਤੇ ਮਾਸਟਰ ਬਲਦੇਵ ਸਿੰਘ ਮੌਜੂਦ ਸਨ। ਹਾਲਾਂਕਿ ਉਨ੍ਹਾਂ ਨੇ 8 ਵਿਧਾਇਕਾਂ ਦਾ ਦਾਅਵਾ ਕੀਤਾ ਸੀ।

ਨਵੀਂ ਪਾਰਟੀ ਦੇ ਐਲਾਨ ਮੌਕੇ ਖਹਿਰਾ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਡਾਇਰੈਕਟ ਸਬਸਿਡੀ ਦੇਣਗੇ। ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣਗੇ, ਅਫ਼ਸਰਸ਼ਾਹੀ ਨੂੰ ਟਾਰਗੇਟ ਕੀਤਾ ਜਾਵੇਗਾ, ਲੋਕ ਪਾਲ ਬਿੱਲ ਬਣਾਉਣਗੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਏਗੀ।

ਇਸ ਤੋਂ ਇਲਾਵਾ ਉਨ੍ਹਾਂ ਮੌਕਾਪ੍ਰਸਤ ਪਾਰਟੀਆਂ ਕੋਲੋਂ ਪੰਜਾਬ ਨੂੰ ਅਜ਼ਾਦ ਕਰਵਾਉਣ ਦਾ ਵੀ ਦਾਅਵਾ ਕੀਤਾ। ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ, ਉਸ ਨੂੰ ਵੇਖਦਿਆਂ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਨ੍ਹਾਂ ਨੂੰ ਮੁਸ਼ਕਲ ਫੈਸਲਾ ਲੈਣਾ ਪੈ ਰਿਹਾ ਹੈ। ਨਵੀਂ ਪਾਰਟੀ ਦੀਆਂ ਨੀਤੀਆਂ ਦੱਸਣ ਦੀ ਥਾਂ ਉਨ੍ਹਾਂ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ’ਤੇ ਨਿਸ਼ਾਨੇ ਵੀ ਕੱਸੇ। ਖਹਿਰਾ ਨੇ ਅਕਾਲੀਆਂ ’ਤੇ ਪੰਜਾਬ ਅੰਦਰ ਨਸ਼ਾ ਫੈਲਾਉਣ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਦਸ ਸਾਲ ਦੇ ਰਾਜ ਦੌਰਾਨ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ। ਅਕਾਲੀ ਦਲ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕਰਜ਼ਾਈ ਕੀਤਾ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੀ ਘੇਰੀ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪਹਾੜੀ ਸੂਬਿਆਂ ਨੂੰ ਟੈਕਸ ‘ਚ ਛੋਟ ਦਿੱਤੀ ਪਰ ਪੰਜਾਬ ਦੀਆਂ ਫੈਕਟਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਕਿਸਾਨਾਂ ਤੇ ਖੇਤੀ ਦੀ ਮਿਸਾਲ ਦਿੰਦਿਆਂ ਸਰਕਾਰ ’ਤੇ ਕਈ ਇਲਜ਼ਾਮ ਲਾਏ।


LEAVE A REPLY