ਅੰਮ੍ਰਿਤਸਰ ਸਣੇ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ, ਮਿਲਿਆ ਧਮਕੀ ਵਾਲਾ ਪੱਤਰ


ਸ਼ਹਿਰ ਦੇ ਭੜੋਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਪਠਾਨਕੋਟ, ਅੰਮ੍ਰਿਤਸਰ ਤੇ ਫਿਰੋਜ਼ਪੁਰ ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਹੋਰ ਵੀ ਵੱਡੇ ਸਟੇਸ਼ਨਾਂ ’ਤੇ ਬੰਬ ਧਮਾਕਿਆਂ ਦੀ ਧਮਕੀ ਵਾਲਾ ਪੱਤਰ ਮਿਲਿਆ ਹੈ। ਇਸ ਦੇ ਇਲਾਵਾ ਪੱਤਰ ਵਿੱਚ ਅਮਰਨਾਥ ਯਾਤਰੀਆਂ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਗੱਲ ਲਿਖੀ ਗਈ ਹੈ। ਇਹ ਧਮਕੀ ਵਾਲਾ ਪੱਤਰ ਸਟੇਸ਼ਨ ਮਾਸਟਰ ਨੂੰ ਗੁਰਦਾਸਪੁਰ ਸਟੇਸ਼ਨ ’ਤੇ ਦਿੱਤਾ ਗਿਆ ਜਿਸ ’ਤੇ ਸਟੇਸ਼ਨ ਮਾਸਟਰ ਦਾ ਨਾਂ ਲਿਖਿਆ ਹੋਇਆ ਸੀ। ਚਿੱਠੀ ਹਿੰਦੀ ਭਾਸ਼ਾ ਵਿੱਚ ਲਿਖੀ ਗਈ ਹੈ। ਚਿੱਠੀ ’ਤੇ ਜੈਸ਼ੇ ਮੁਹੰਮਦ ਕਮਾਂਡਰ ਲਿਖਿਆ ਹੋਇਆ ਹੈ। ਅਖ਼ੀਰ ਵਿੱਚ ਪਾਕਿਸਤਾਨ ਤੇ ਕਰਾਚੀ ਲਿਖਿਆ ਗਿਆ ਹੈ। ਇਸ ਦੇ ਲਿਫਾਫੇ ’ਤੇ ਡਾਕ ਟਿਕਟ ਵੀ ਲੱਗੀ ਹੋਈ ਹੈ ਪਰ ਇਹ ਚਿੱਠੀ ਪੋਸਟ ਨਹੀਂ ਕੀਤੀ ਗਈ ਬਲਕਿ ਬਾਏ ਹੈਂਡ ਕਿਸੇ ਵਿਅਕਤੀ ਨੇ ਗੁਰਦਾਸਪੁਰ ਰੇਲਵੇ ਸਟੇਸ਼ਨ ’ਤੇ ਸਫ਼ਾਈ ਕਰਨ ਵਾਲੇ ਨੂੰ ਦਿੱਤੀ ਸੀ ਜਿਸ ਨੇ ਅੱਗੇ ਇਹ ਚਿੱਠੀ ਸਟੇਸ਼ਨ ਮਾਸਟਰ ਨੂੰ ਦੇ ਦਿੱਤੀ।


ਫਿਲਹਾਲ ਰੇਲਵੇ ਪੁਲਿਸ ਨੂੰ ਸ਼ੱਕ ਹੈ ਕਿ ਇਹ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ ਪਰ ਬਚਾਅ ਵਜੋਂ ਸਟੇਸ਼ਨ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਤਹਿ ਤੋਂ ਜਾਂਚ ਕਰ ਰਹੀ ਹੈ। ਪਠਾਨਕੋਟ ਸਟੇਸ਼ਨ ਤੇ ਹੋਰ ਕਈ ਥਾਂਵਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ।


LEAVE A REPLY