ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੇ ਤੰਦਰੁਸਤ ਪੰਜਾਬ ਮਿਸ਼ਨ ਦੀ ਫੂਕ ਕੱਢ ਰਹੇ ਨੇ ਝੋਲਾਛਾਪ ਡਾਕਟਰ


untrained trained Doctors is big problem for Tandrust Punjab Mission - Copy

ਪੰਜਾਬ ਸਰਕਾਰ ਵਲੋਂ ਮਿਲਾਵਟਖੋਰੀ ਤੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰਨ ਵਾਲਿਆਂ ਖਿਲਾਫ਼ ਜਿਥੇ ਸਰਕਾਰ ਨੇ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ, ਉਥੇ ਹੀ ਗਰੀਬਾਂ ਦੀਆਂ ਬਸਤੀਆਂ ਵਿਚ ਸ਼ਰੇਆਮ ਝੋਲਾਛਾਪ ਡਾਕਟਰ ਹੋਕਾ ਦੇ ਕੇ ਇਲਾਜ ਦੇ ਨਾਂ ਤੇ ਮਰੀਜ਼ਾਂ ਦੀ ਸਿਹਤ ਨਾਲ ਖਿਲਵਾਡ਼ ਕਰ ਰਹੇ ਹਨ ਤੇ ਸਿਹਤ ਵਿਭਾਗ ਮੂਕ ਦਰਸ਼ਕ ਬਣਿਆ ਬੈਠਾ ਹੈ। ਮਾਛੀਵਾਡ਼ਾ ਇਲਾਕੇ ਦੇ ਪਿੰਡਾਂ ਚ ਝੋਲਾਛਾਪ ਡਾਕਟਰ ਕਲੀਨਿਕ ਖੋਲ੍ਹ ਕੇ ਬੈਠੇ ਹੋਏ ਹਨ ਤੇ ਬਿਨਾਂ ਡਿਗਰੀ ਤੋਂ ਲੋਕਾਂ ਦਾ ਇਲਾਜ ਕਰ ਰਹੇ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਇੱਥੋਂ ਦੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਬਸਤੀਆਂ ਬਲੀਬੇਗ ਬਸਤੀ, ਸ਼ਾਂਤੀ ਨਗਰ, ਮਹਾਵੀਰ ਕਾਲੋਨੀ ਤੇ ਰੇਤਾ ਕੁੱਲੀ, ਜਿਥੇ ਕਿ ਹਜ਼ਾਰਾਂ ਦੀ ਤਾਦਾਦ ਚ ਗਰੀਬ ਲੋਕ ਰਹਿੰਦੇ ਹਨ, ਚ ਸਵੇਰੇ-ਸ਼ਾਮ ਕੁਝ ਝੋਲਾਛਾਪ ਡਾਕਟਰ ਲੋਕਾਂ ਦੇ ਘਰਾਂ ਵਿਚ ਜਾ ਕੇ ਮਰੀਜ਼ਾਂ ਬਾਰੇ ਪੁੱਛਦੇ ਹਨ ਅਤੇ ਉਨ੍ਹਾਂ ਦਾ ਇਲਾਜ ਕਰਨ ਲੱਗ ਜਾਂਦੇ ਹਨ। ਇਹ ਝੋਲਾਛਾਪ ਡਾਕਟਰ ਕੁਝ ਮਹੀਨੇ ਕਿਸੇ ਐੱਮ. ਬੀ. ਬੀ. ਐੱਸ. ਡਾਕਟਰ ਕੋਲੋਂ ਟ੍ਰੇਨਿੰਗ ਲੈ ਕੇ ਗਰੀਬ ਮਰੀਜ਼ਾਂ ਨੂੰ ਜਿਥੇ ਐਲੋਪੈਥਿਕ ਦਵਾਈਆਂ ਦਿੰਦੇ ਹਨ, ਉਥੇ ਹੀ ਟੀਕਾ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ਤੇ ਉਹ ਸਾਰਾ ਸਾਮਾਨ ਆਪਣੇ ਝੋਲੇ ਵਿਚ ਹੀ ਰੱਖਦੇ ਹਨ।

ਹੋਰ ਤਾਂ ਹੋਰ ਕੁਝ ਝੋਲਾਛਾਪ ਡਾਕਟਰਾਂ ਨੇ ਇਨ੍ਹਾਂ ਗਰੀਬਾਂ ਦੀਆਂ ਬਸਤੀਆਂ ਵਿਚ ਪੱਕੇ ਕਲੀਨਿਕ ਖੋਲ੍ਹੇ ਹੋਏ ਹਨ ਤੇ ਬੀ. ਏ. ਐੱਮ. ਐੱਸ. ਨਾਂ ਦੀ ਡਿਗਰੀ ਦੇ ਸਰਟੀਫਿਕੇਟ ਵੀ ਲਾਏ ਹੋਏ ਹਨ ਪਰ ਇਹ ਡਾਕਟਰ ਇਲਾਜ ਐਲੋਪੈਥਿਕ ਰਾਹੀਂ ਕਰਦੇ ਹਨ ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਡਾਕਟਰਾਂ ਤੋਂ ਬੁਖਾਰ, ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਬੀਮਾਰੀਆਂ ਠੀਕ ਵੀ ਹੋ ਜਾਂਦੀਆਂ ਹਨ ਕਿਉਂਕਿ ਇਹ ਐਨੀ ਤੇਜ਼ ਦਵਾਈ ਦਿੰਦੇ ਹਨ ਕਿ ਮਰੀਜ਼ ਠੀਕ ਹੋ ਕੇ ਡਾਕਟਰ ਤੇ ਵਿਸ਼ਵਾਸ ਕਰਨ ਲਗ ਜਾਂਦਾ ਹੈ, ਜਦਕਿ ਇਹ ਤੇਜ਼ ਦਵਾਈਆਂ ਅੱਗੇ ਜਾ ਕੇ ਮਰੀਜ਼ਾਂ ਦੀ ਜਾਨ ਦਾ ਖੌਅ ਵੀ ਬਣਦੀਆਂ ਹਨ।

ਝੋਲਾਛਾਪ ਡਾਕਟਰਾਂ ਦੇ ਕਲੀਨਿਕਾਂ ਵਿਚ ਮਰੀਜ਼ਾਂ ਨੂੰ ਦਾਖਲ ਕਰਨ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਅਤੇ ਇਕ ਵੱਖਰੇ ਕਮਰੇ ਵਿਚ ਮੰਜੇ ਰੱਖੇ ਹੋਏ ਹਨ ਤੇ ਜਦੋਂ ਕੋਈ ਮਰੀਜ਼ ਜ਼ਿਆਦਾ ਬੀਮਾਰ ਆਉਂਦਾ ਹੈ ਤਾਂ ਉਸਨੂੰ ਗੁਲੂਕੋਜ਼ ਲਾ ਕੇ ਦਾਖਲ ਕਰਨ ਉਪਰੰਤ ਮੋਟੀ ਕਮਾਈ ਵੀ ਕੀਤੀ ਜਾਂਦੀ ਹੈ। ਜਦੋਂ ਕੋਈ ਮਰੀਜ਼ ਦੀ ਹਾਲਤ ਇਨ੍ਹਾਂ ਝੋਲਾਛਾਪ ਡਾਕਟਰਾਂ ਕੋਲ ਵਿਗਡ਼ ਜਾਂਦੀ ਹੈ ਤਾਂ ਫਿਰ ਉਸਦੇ ਪਰਿਵਾਰਕ ਮੈਂਬਰ ਉਸਨੂੰ ਕਿਸੇ ਵੱਡੇ ਹਸਪਤਾਲ ਲੈ ਕੇ ਜਾਂਦੇ ਹਨ ਤੇ ਕਈ ਵਾਰ ਤਾਂ ਮਰੀਜ਼ ਇਨ੍ਹਾਂ ਅਖੌਤੀ ਡਾਕਟਰਾਂ ਦੇ ਗਲਤ ਇਲਾਜ ਕਾਰਨ ਮੌਤ ਦੇ ਮੂੰਹ ’ਚੋਂ ਮੁਡ਼ ਕੇ ਆਉਂਦਾ ਹੈ ਤੇ ਕਈ ਰੱਬ ਨੂੰ ਵੀ ਪਿਆਰੇ ਹੋ ਜਾਂਦੇ ਹਨ ਪਰ ਇਹ ਗਰੀਬ ਤੇ ਅਨਪਡ਼੍ਹ ਲੋਕ ਕਾਨੂੰਨੀ ਕਾਰਵਾਈ ਦੇ ਝੰਜਟ ਵਿਚ ਪੈਣ ਦੀ ਬਜਾਏ ਰੱਬ ਦਾ ਭਾਣਾ ਮੰਨ ਕੇ ਬੈਠ ਜਾਂਦੇ ਹਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਝੋਲਾਛਾਪ ਡਾਕਟਰਾਂ ਕੋਲ ਮਰੀਜ਼ਾਂ ਵਿਚ ਐਨੀ ਮੰਗ ਹੈ ਕਿ ਇਕ ਆਪਣੇ ਆਪ ਨੂੰ ਬੀ. ਏ. ਐੱਮ. ਐੱਸ. ਦੱਸਣ ਵਾਲਾ ਡਾਕਟਰ ਸਵੇਰੇ ਤੇ ਸ਼ਾਮ ਬਲੀਬੇਗ ਬਸਤੀ ਵਿਚ ਕਲੀਨਿਕ ਖੋਲ੍ਹ ਕੇ ਉਥੇ ਇਲਾਜ ਕਰਦਾ ਹੈ ਤੇ ਬਾਕੀ ਸਮਾਂ ਸ਼ਹਿਰ ਵਿਚ ਕਲੀਨਿਕ ਖੋਲ੍ਹ ਕੇ ਸ਼ਹਿਰੀ ਲੋਕਾਂ ਦਾ ਇਲਾਜ ਕਰਦਾ ਹੈ, ਜਦਕਿ ਉਸ ਕੋਲ ਐਲੋਪੈਥਿਕ ਦਵਾਈਆਂ ਰਾਹੀਂ ਮਰੀਜ਼ਾਂ ਦਾ ਇਲਾਜ ਕਰਨ ਦੀ ਕੋਈ ਡਿਗਰੀ ਨਹੀਂ ਹੈ। ਸਿਹਤ ਵਿਭਾਗ ਵਲੋਂ ਇਨ੍ਹਾਂ ਝੋਲਾਛਾਪ ਡਾਕਟਰਾਂ ਦੇ ਕਲੀਨਿਕਾਂ ਤੇ ਕਈ ਵਾਰ ਛਾਪੇਮਾਰੀ ਵੀ ਕੀਤੀ ਗਈ ਪਰ ਨਤੀਜਾ ਜ਼ੀਰੋ ਰਿਹਾ ਤੇ ਕਾਰਵਾਈ ਤੋਂ ਕੁਝ ਦਿਨਾਂ ਬਾਅਦ ਸਿਹਤ ਵਿਭਾਗ ਦੀ ਮਿਲੀਭੁਗਤ ਨਾਲ ਇਨ੍ਹਾਂ ਦੇ ਕਲੀਨਿਕ ਮੁਡ਼ ਖੁੱਲ੍ਹ ਜਾਂਦੇ ਹਨ ਤੇ ਗਰੀਬ ਲੋਕਾਂ ਦੀ ਲੁੱਟ ਤੇ ਜਾਨ ਨਾਲ ਖਿਲਵਾਡ਼ ਫਿਰ ਸ਼ੁਰੂ ਹੋ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਕੇਵਲ ਮਿਲਾਵਟਖੋਰਾਂ ਤਕ ਹੀ ਸੀਮਿਤ ਨਾ ਰਹੇ, ਸਗੋਂ ਅਜਿਹੇ ਅਖੌਤੀ ਝੋਲਾਛਾਪ ਡਾਕਟਰਾਂ ਤੇ ਵੀ ਕਾਰਵਾਈ ਕੀਤੀ ਜਾਵੇ ਜੋ ਲੋਕਾਂ ਦੇ ਜਾਨ ਤੇ ਮਾਲ ਨਾਲ ਖਿਲਵਾਡ਼ ਕਰ ਰਹੇ ਹਨ।

ਝੋਲਾਛਾਪ ਡਾਕਟਰਾਂ ਦੇ ਕਲੀਨਿਕਾਂ ਤੇ ਮਿਲਦੀਆਂ ਹਨ ਸੈਕਸ ਵਧਾਊ ਦਵਾਈਆਂ

ਅੱਜ ਜਦੋਂ ਬਲੀਬੇਗ ਬਸਤੀ ਵਿਖੇ ਇਕ ਕਲੀਨਿਕ ਦਾ ਦੌਰਾ ਕੀਤਾ ਗਿਆ ਤਾਂ ਉਥੇ ਡਾਕਟਰ ਸਾਹਿਬ ਸ਼ਹਿਰੀ ਕਲੀਨਿਕ ਵਿਚ ਲੋਕਾਂ ਦਾ ਇਲਾਜ ਕਰਨ ਲਈ ਗਏ ਹੋਏ ਸਨ ਤੇ ਇਸ ਬਸਤੀ ਵਾਲੇ ਕਲੀਨਿਕ ’ਚ ਸਵੇਰੇ ਤੇ ਸ਼ਾਮ ਨੂੰ ਹੀ ਮਰੀਜ਼ਾਂ ਨੂੰ ਮਿਲਦੇ ਹਨ। ਡਾਕਟਰ ਦੀ ਗੈਰ-ਹਾਜ਼ਰੀ ਵਿਚ ਉਥੇ ਬੈਠੇ 2 ਬਹੁਤ ਘੱਟ ਪਡ਼੍ਹੇ-ਲਿਖੇ ਨੌਕਰੀ ਤੇ ਰੱਖੇ ਕੰਪਾਊਡਰ ਕੋਲ ਜਦੋਂ ਕੋਈ ਸੀਰੀਅਸ ਮਰੀਜ਼ ਆਉਂਦਾ ਹੈ ਤਾਂ ਉਹ ਤੁਰੰਤ ਡਾਕਟਰ ਨੂੰ ਬੁਲਾ ਲੈਂਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਡਾਕਟਰ ਦੇ ਕਲੀਨਿਕ ਤੇ ਐਲੋਪੈਥਿਕ, ਆਯੁਰਵੈਦਿਕ, ਇਥੋਂ ਤਕ ਸੈਕਸ ਵਧਾਊ ਦਵਾਈਆਂ ਦੇ ਡੱਬੇ ਵੀ ਕਾਫ਼ੀ ਮਾਤਰਾ ਵਿਚ ਪਏ ਸਨ, ਜਿਨ੍ਹਾਂ ਨੂੰ ਇਹ ਝੋਲਾਛਾਪ ਡਾਕਟਰ ਮਰੀਜ਼ਾਂ ਨੂੰ ਵੇਚਦੇ ਹਨ ਤੇ ਇਹ ਕੁਝ ਗੈਰ-ਕਾਨੂੰਨੀ ਕੰਮ ਸਿਹਤ ਵਿਭਾਗ ਦੀ ਨੱਕ ਹੇਠਾਂ ਸ਼ਰੇਆਮ ਹੋ ਰਿਹਾ ਹੈ।

ਕੀ ਕਹਿੰਦੇ ਹਨ ਸਿਹਤ ਅਧਿਕਾਰੀ

ਜਦੋਂ ਇਸ ਸਬੰਧੀ ਐੱਸ. ਐੱਮ. ਓ. ਡਾ. ਜਸਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵਲੋਂ ਸਮੇਂ-ਸਮੇਂ ਸਿਰ ਚੈਕਿੰਗ ਕੀਤੀ ਜਾਂਦੀ ਹੈ ਪਰ ਸਖ਼ਤ ਕਾਰਵਾਈ ਕਰਨ ਦਾ ਅਧਿਕਾਰ ਡਰੱਗ ਇੰਸਪੈਕਟਰ ਜਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਹੈ। ਜਦੋਂ ਇਸ ਸਬੰਧੀ ਡਰੱਗ ਇੰਸਪੈਕਟਰ ਸੰਦੀਪ ਕੌਸ਼ਿਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਲਾਕੇ ਵਿਚ ਜਾਂਚ ਕਰਨਗੇ ਤੇ ਜੇਕਰ ਕੋਈ ਝੋਲਾਛਾਪ ਡਾਕਟਰ ਦਾ ਕਲੀਨਿਕ ਖੁੱਲ੍ਹਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

  • 7
    Shares

LEAVE A REPLY