ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਉਪਰਾਲਿਆਂ ਨਾਲ 38 ਨੌਜਵਾਨਾਂ ਨੇ ਨਸ਼ੇ ਦਾ ਖਹਿੜਾ ਛੱਡ ਕੇ ਸਿਹਤਮੰਦ ਜੀਵਨ ਅਪਣਾਇਆ, ਨਸ਼ਾ ਛੱਡਣ ਵਾਲੇ ਕਰ ਰਹੇ ਹਨ ਸਖ਼ਤ ਮਿਹਨਤ ਅਤੇ ਨੌਕਰੀ


ਲੁਧਿਆਣਾ– ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਵਿਸ਼ੇਸ਼ ਉਪਰਾਲਿਆਂ ਨਾਲ ਵੱਖ-ਵੱਖ ਪਿੰਡਾਂ ਦੇ 38 ਨੌਜਵਾਨਾਂ ਨੇ ਨਸ਼ੇ ਤੋਂ ਖਹਿੜਾ ਛੁਡਵਾ ਕੇ ਸਿਹਤਮੰਦ ਜੀਵਨ ਨੂੰ ਅਪਣਾ ਲਿਆ ਹੈ। ਹੁਣ ਉਹ ਆਮ ਜੀਵਨ ਨੂੰ ਅਪਨਾਉਣ ਉਪਰੰਤ ਕੰਮ ਅਤੇ ਨੌਕਰੀਆਂ ਕਰਨ ਲੱਗੇ ਹਨ। ਇਸ ਤਰਾਂ ਉਨਾਂ ਆਪਣੇ ਪਰਿਵਾਰਾਂ ਨੂੰ ਨਵਾਂ ਜੀਵਨ ਦਾਨ ਦਿੱਤਾ ਹੈ। ਸ੍ਰ. ਬਿੱਟੂ ਵੱਲੋਂ ਅੱਜ ਪਿੰਡ ਮਦਾਰਪੁਰਾ ਦੇ ਉਨਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜਿਨਾਂ ਦੇ ਨੌਜਵਾਨਾਂ ਨੇ ਨਸ਼ਾ ਤਿਆਗ ਕੇ ਨਵਾਂ ਜੀਵਨ ਸ਼ੁਰੂ ਕੀਤਾ ਹੈ। ਇਨਾਂ ਪਰਿਵਾਰਾਂ ਨੇ ਸ੍ਰ. ਬਿੱਟੂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਨਸ਼ਾ ਛੱਡਣ ਵਾਲੇ ਇੱਕ ਨੌਜਵਾਨ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ‘ਚਿੱਟੇ’ ਦਾ ਆਦੀ ਬਣ ਗਿਆ ਸੀ। ਜਦੋਂ ਉਹ ਇਹ ਨਸ਼ਾ ਕਰਦਾ ਸੀ ਤਾਂ ਉਹ ਕਦੇ ਵੀ ਸਵੇਰੇ 10 ਵਜੇ ਤੋਂ ਪਹਿਲਾਂ ਨਹੀਂ ਉਠ ਸਕਦਾ ਸੀ ਅਤੇ ਨਾ ਹੀ ਕੋਈ ਕੰਮ ਕਰ ਸਕਦਾ ਸੀ। ਪਰ ਹੁਣ ਉਸਨੇ ਨਸ਼ੇ ਦਾ ਤਿਆਗ ਕਰਕੇ ਸਬਜੀਆਂ ਵੇਚਣ ਲਈ ਡਰਾਈਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਸਵੇਰੇ 4 ਵਜੇ ਉਠ ਜਾਂਦਾ ਹੈ ਅਤੇ ਸਬਜ਼ੀ ਵੇਚਣ ਜਾਂਦਾ ਹੈ। ਇਸ ਤਰਾਂ ਉਹ ਆਪਣਾ ਸੁਖਦ ਜੀਵਨ ਜੀਣ ਲੱਗਾ ਹੈ। ਇਸੇ ਤਰਾਂ ਇੱਕ ਹੋਰ ਨਸ਼ੇ ਦੇ ਆਦੀ ਰਹਿ ਚੁੱਕੇ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਵੀ ਨਸ਼ਾ ਛੱਡਣ ਉਪਰੰਤ ਵਧੀਆ ਮਹਿਸੂਸ ਕਰ ਰਿਹਾ ਹੈ ਅਤੇ ਉਹ ਹੁਣ ਹੋਰਾਂ ਨੌਜਵਾਨਾਂ ਲਈ ਵੀ ਚਾਨਣ ਮੁਨਾਰਾ ਬਣਨਾ ਚਾਹੁੰਦਾ ਹੈ। ਉਸਨੇ ਕਿਹਾ ਕਿਹਾ ਜੇਕਰ ਮਨ ਬਣ ਜਾਵੇ ਤਾਂ ਨਸ਼ਾ ਛੱਡਣਾ ਕੋਈ ਵੱਡੀ ਗੱਲ ਨਹੀਂ ਹੈ। ਉਸਦੀ ਦਾਦੀ ਨਸੀਬ ਕੌਰ ਨੇ ਸ੍ਰ. ਰਵਨੀਤ ਸਿੰਘ ਬਿੱਟੂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਸਨੇ ਕਿਹਾ ਕਿ ਉਸਦੇ ਪੋਤੇ ਵੱਲੋਂ ਨਸ਼ਾ ਛੱਡ ਦੇਣ ਨਾਲ ਉਸਦੀ ਉਮਰ ਕੁਝ ਸਾਲ ਹੋਰ ਵਧ ਗਈ ਹੈ।

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਪਿੰਡਾਂ ਜਾਂਗਪੁਰ, ਦਾਖਾ, ਮੁੱਲਾਂਪੁਰ, ਸਵੱਦੀ, ਮਦਾਰਪੁਰਾ, ਸਲੇਮਪੁਰਾ, ਟਿੱਬਾ, ਅੱਬੂਪੁਰਾ, ਮਲਸੀਆਂ ਅਤੇ ਹੋਰ ਪਿੰਡਾਂ ਦੇ ਕਰੀਬ 38 ਨੌਜਵਾਨਾਂ ਨੇ ਸ੍ਰ. ਬਿੱਟੂ ਦੀ ਪ੍ਰੇਰਨਾ ਨਾਲ ਨਸ਼ਾ ਛੱਡਣ ਦਾ ਮਨ ਬਣਾਇਆ ਸੀ। ਕੁਝ ਦਿਨ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਰਹਿਣ ਉਪਰੰਤ ਇਹ ਨੌਜਵਾਨ ਹੁਣ ਆਮ ਜੀਵਨ ਜੀਣ ਲੱਗੇ ਹਨ। ਨਸ਼ਾ ਛੱਡਣ ਲਈ ਪੰਜਾਬ ਸਰਕਾਰ ਵੱਲੋਂ ਹਰ ਤਰਾਂ ਦਾ ਇਲਾਜ ਅਤੇ ਦਵਾਈ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ। ਸ੍ਰ. ਬਿੱਟੂ ਨੇ ਇਸ ਮੌਕੇ ਪਿੰਡ ਅੱਬੁਪੁਰਾ ਵਾਸੀ ਸ੍ਰ. ਮਨਜਿੰਦਰ ਸਿੰਘ ਖਹਿਰਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨਾਂ ਨੇ 5 ਨੌਜਵਾਨਾਂ ਨੂੰ ਅਪਣਾਇਆ ਸੀ ਅਤੇ ਹੁਣ ਵੀ ਉਨਾਂ ਦਾ ਹਰ ਤਰਾਂ ਨਾਲ ਖ਼ਿਆਲ ਰੱਖ ਰਹੇ ਹਨ। ਉਨਾਂ ਕਿਹਾ ਕਿ ਜਿਹੜੇ ਨੌਜਵਾਨ ਏਡਜ਼ ਅਤੇ ਹੈਪੇਟਾਈਟਸ ਸੀ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਚੁੱਕੇ ਹਨ, ਉਨ•ਾਂ ਦਾ ਵੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਇਲਾਜ ਕਰਵਾਇਆ ਜਾਵੇਗਾ।

ਇਸ ਤੋਂ ਬਾਅਦ ਸ੍ਰ. ਬਿੱਟੂ ਨੇ ਪਿੰਡ ਕੁਲਾਰ ਵਿਖੇ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕੀਤਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਸ਼ੁਰੂ ਜੰਗ ਵਿੱਚ ਸਹਿਯੋਗ ਕਰਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਨੂੰ ਅਪਣਾ ਕੇ ਉਨਾਂ ਨੂੰ ਨਸ਼ਾ ਛੱਡਣ ਵਿੱਚ ਸਹਿਯੋਗ ਕਰਨ। ਉਨਾਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਇਸ ਕਾਰੋਬਾਰ ਨੂੰ ਬੰਦ ਕਰ ਦੇਣ ਨਹੀਂ ਤਾਂ ਉਨਾਂ ਨੂੰ ਇਸਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਸ੍ਰ. ਬਿੱਟੂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਸਫ਼ਲ ਹੋ ਰਹੀ ਹੈ, ਕਿਉਂਕਿ ਹੁਣ ਨੌਜਵਾਨ ਨਸ਼ੇ ਛੱਡਣ ਲਈ ਖੁਦ ਅੱਗੇ ਆਉਣ ਲੱਗੇ ਹਨ। ਉਨਾਂ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਜਾਂ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਨਾਂ ਨਾਲ ਸਿੱਧਾ ਰਾਬਤਾ ਕਰ ਸਕਦਾ ਹੈ। ਇਸ ਮੌਕੇ ਸ੍ਰ. ਬਿੱਟੂ ਦੇ ਨਾਲ ਸ੍ਰ. ਮੇਜਰ ਸਿੰਘ ਭੈਣੀ ਸੀਨੀਅਰ ਕਾਂਗਰਸੀ ਆਗੂ, ਸ੍ਰ. ਗੁਰਦੇਵ ਸਿੰਘ ਲਾਪਰਾਂ ਜ਼ਿਲਾ ਪ੍ਰਧਾਨ ਕਾਂਗਰਸ ਦਿਹਾਤੀ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


LEAVE A REPLY