ਮਹਿਲਾ ਵਿਸ਼ਵ ਟੀ-20 ਚ ਭਾਰਤ ਦੀ ਮਹਿਲਾ ਟੀਮ ਨੇ ਹਾਸਲ ਕੀਤੀ ਨਿਊਜ਼ੀਲੈਂਡ ਤੇ ਸ਼ਾਨਦਾਰ ਜਿੱਤ, ਹਰਮਨ ਦੇ ਘਰ ਰੌਣਕਾਂ


womens T20 world cup match india beat new zealand by 34 runs

ਕਪਤਾਨ ਹਰਮਨਪ੍ਰੀਤ ਕੌਰ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਆਈਸੀਸੀ ਮਹਿਲਾ ਵਿਸ਼ਵ ਟੀ-20 ਵਿੱਚ ਨਿਊਜ਼ੀਲੈਂਡ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਕਪਤਾਨ ਹਰਮਨਪ੍ਰੀਤ ਕੌਰ ਦੇ ਰਿਕਾਰਡ ਸੈਂਕੜੇ ਤੇ ਜੇਮਿਮਾ ਰੋਡ੍ਰਿਗਜ਼ ਦੀ ਜੋੜੀ ਨੇ ਭਾਰਤ ਨੂੰ ਸ਼ਾਨਦਾਰ ਜਿੱਤ ਹਾਸਲ ਕਰਵਾਈ। ਭਾਰਤ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਬਣਾਈਆਂ, ਜਿਸਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਗਵਾ ਕੇ ਮਹਿਜ਼ 160 ਦੌੜਾਂ ਬਣਾ ਸਕੀ।

ਕਪਤਾਨੀ ਪਾਰੀ ਖੇਡਦੇ ਹੋਏ ਹਰਮਨਪ੍ਰੀਤ ਨੇ 51 ਗੇਂਦਾਂ ਵਿੱਚ ਅੱਠ ਛੱਕਿਆਂ ਤੇ ਸੱਤ ਚੌਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਇਸਦੇ ਨਾਲ ਹੀ ਹਰਮਨਪ੍ਰੀਤ ਕੌਮਾਂਤਰੀ ਟੀ-20 ਮਹਿਲਾ ਵਿਸ਼ਵ ਕੱਪ ਵਿੱਚ ਸੈਂਕੜਾ ਮਾਰਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਉਸ ਦੀ ਇਸ ਪ੍ਰਾਪਤੀ ਦੇ ਬਾਅਦ ਮੋਗਾ ਵਿੱਚ ਸਵੇਰੇ ਤੋਂ ਹੀ ਹਰਮਨਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਾਂ ਦਾ ਤਾਂਤਾ ਸ਼ੁਰੂ ਹੋ ਗਿਆ ਹੈ। ਹਰਮਨਪ੍ਰੀਤ ਦੀ ਬੱਲੇਬਾਜੀ ਨੂੰ ਉਸ ਦੇ ਪਰਵਾਰਿਕ ਮੈਂਬਰਾਂ ਨੇ ਟੀਵੀ ਉੱਤੇ ਵੇਖਿਆ। ਇਸ ਜਿੱਤ ਨੂੰ ਲੈ ਕੇ ਪੂਰੇ ਮੋਗਾ ਵਿੱਚ ਖੁਸ਼ੀ ਦੀ ਲਹਿਰ ਹੈ।

ਇਸ ਮੌਕੇ ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਧੀ ਦੀ ਪ੍ਰਾਪਤੀ ’ਤੇ ਬੇਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਧੀ ਨੇ ਛੱਕੇ-ਚੌਕੇ ਲਾ ਕੇ ਮਹਿਜ਼ 51 ਗੇਂਦਾਂ ਵਿੱਚ 103 ਦੌੜਾਂ ਬਣਾਈਆਂ ਤਾਂ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ। ਉਨ੍ਹਾਂ ਭਾਵੁਕ ਹੁੰਦੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਨੂੰ ਸੰਦੇਸ਼ ਹੈ ਜੋ ਲੋਕ ਆਪਣੀ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਕਤਲ ਕਰਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਇਸ ’ਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਵਾਰ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਹੀ ਆਵੇਗਾ।


LEAVE A REPLY